12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਭਾਰਤ ਦੀ ਤਰਜੀਹ ਦੇਸ਼ ਦੇ ਲੋਕ ਹਨ-ਵਿਦੇਸ਼ ਮੰਤਰਾਲਾ

ਅਜੀਤ ਡੈਸਕ 17-10-2025
ਨਵੀਂ ਦਿੱਲੀ, 16 ਅਕਤੂਬਰ (ਉਪਮਾ ਡਾਗਾ ਪਾਰਥ)-ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਉਹ ਬਾਜ਼ਾਰ ਦੀਆਂ ਸਥਿਤੀਆਂ ਨੂੰ ਪੂਰਾ ਕਰਨ ਲਈ ਆਪਣੇ ਊਰਜਾ ਸਰੋਤਾਂ ਨੂੰ ਵਿਆਪਕ ਅਤੇ ਵਿਭਿੰਨ ਕਰ ਰਿਹਾ ਹੈ | ਟਰੰਪ ਦੀ ਟਿੱਪਣੀ 'ਤੇ ਸਵਾਲਾਂ ਦੇ ਜਵਾਬ ਵਿਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਕਿਸੇ ਵੀ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਦਰਮਿਆਨ ਫ਼ੋਨ ਗੱਲਬਾਤ ਬਾਰੇ ਜਾਣਕਾਰੀ ਨਹੀਂ ਹੈ | ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੀ ਪਹਿਲੀ ਤਰਜੀਹ ਭਾਰਤ ਦੇ ਲੋਕ ਹਨ, ਹੋਰ ਕੁਝ ਨਹੀਂ | ਭਾਰਤ ਵਲੋਂ ਉਕਤ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਕੀਤੇ ਉਸ ਦਾਅਵੇ ਦੇ ਜਵਾਬ ਵਜੋਂ ਆਇਆ ਹੈ ਜਿਸ 'ਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਦੁਆਇਆ ਹੈ ਕਿ ਭਾਰਤ ਹੁਣ ਰੂਸ ਤੋਂ ਤੇਲ ਨਹੀਂ ਖਰੀਦੇਗਾ | ਵਿਦੇਸ਼ ਮੰਤਰਾਲੇ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਭਾਰਤ ਦਾ ਤੇਲ ਆਯਾਤ ਭਾਰਤ ਦੇ ਹਿੱਤਾਂ ਦੀ ਰਾਖੀ ਦੇ ਆਧਾਰ 'ਤੇ ਤੈਅ ਹੁੰਦਾ ਹੈ | ਭਾਰਤੀ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਨਾ ਭਾਰਤ ਦੀ ਤਰਜੀਹ ਹੈ | ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਤੇਲ ਅਤੇ ਗੈਸ ਦਾ ਇਕ ਅਹਿਮ ਆਯਾਤਕ ਦੇਸ਼ ਹੈ | ਅਸਥਿਰ ਆਲਮੀ ਊਰਜਾ ਦੇ ਪਿਛੋਕੜ 'ਚ ਭਾਰਤੀ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਨੀ ਸਾਡੀ ਲਗਾਤਾਰ ਤਰਜੀਹ ਰਹੀ ਹੈ | ਸਾਡੀਆਂ ਆਯਾਤ ਕੀਤੀਆਂ ਵਸਤਾਂ ਪੂਰੀ ਤਰ੍ਹਾਂ ਇਸੇ ਮੰਤਵ 'ਤੇ ਨਿਰਦੇਸ਼ਿਤ ਹੁੰਦੀਆਂ ਹਨ | ਊਰਜਾ ਦੀਆਂ ਸਥਿਰ ਕੀਮਤਾਂ ਯਕੀਨੀ ਬਣਾਉਣਾ ਅਤੇ ਸਪਲਾਈ ਨੂੰ ਸੁਰੱਖਿਅਤ ਰੱਖਣਾ ਸਾਡੀ ਊਰਜਾ ਨੀਤੀ ਦੇ ਦੋ ਅਹਿਮ ਟੀਚੇ ਰਹੇ ਹਨ | ਇਸ ਦੇ ਤਹਿਤ ਅਸੀਂ ਆਪਣੇ ਊਰਜਾ ਸਰੋਤਾਂ ਦਾ ਵਿਸਥਾਰ ਕੀਤਾ ਹੈ ਅਤੇ ਬਾਜ਼ਾਰ ਦੇ ਹਾਲਾਤਾਂ ਮੁਤਾਬਿਕ ਵੰਨ-ਸੁਵੰਨਤਾ ਕੀਤੀ ਹੈ | ਵਿਦੇਸ਼ ਮੰਤਰਾਲੇ ਨੇ ਭਾਰਤ ਅਤੇ ਅਮਰੀਕਾ ਸੰਬੰਧਾਂ 'ਤੇ ਬੋਲਦਿਆਂ ਕਿਹਾ ਕਿ ਜਿਥੋਂ ਤੱਕ ਅਮਰੀਕਾ ਦਾ ਸੰਬੰਧ ਹੈ, ਅਸੀਂ ਕਈ ਸਾਲਾਂ ਤੋਂ ਆਪਣੀ ਊਰਜਾ ਖਰੀਦ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ | ਪਿਛਲੇ ਇਕ ਦਹਾਕੇ 'ਚ ਇਸ 'ਚ ਲਗਾਤਾਰ ਪ੍ਰਗਤੀ ਹੋਈ ਹੈ | ਮੌਜੂਦਾ ਪ੍ਰਸ਼ਾਸਨ ਨੇ ਭਾਰਤ ਦੇ ਨਾਲ ਊਰਜਾ ਸਹਿਯੋਗ ਨੂੰ ਹੋਰ ਡੂੰਘਾ ਕਰਨ 'ਚ ਦਿਲਚਸਪੀ ਵਿਖਾਈ ਹੈ | ਇਸ ਵਿਸ਼ੇ 'ਤੇ ਗੱਲਬਾਤ ਜਾਰੀ ਹੈ | ਜ਼ਿਕਰਯੋਗ ਹੈ ਕਿ ਟਰੰਪ ਨੇ ਇਕ ਪ੍ਰੈੱਸ ਕਾਨਫ਼ਰੰਸ 'ਚ ਪੁੱਛੇ ਸਵਾਲ ਦੇ ਜਵਾਬ 'ਚ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਮੇਰੇ ਦੋਸਤ ਹਨ | ਸਾਡੇ ਦਰਮਿਆਨ ਬਹੁਤ ਚੰਗੇ ਸੰਬੰਧ ਹਨ | ਭਾਰਤ ਰੂਸ ਤੋਂ ਤੇਲ ਖਰੀਦ ਰਿਹਾ ਹੈ, ਇਸ ਤੋਂ ਉਹ ਖੁਸ਼ ਨਹੀਂ ਸਨ | ਹਾਲਾਂਕਿ ਉਨ੍ਹਾਂ (ਮੋਦੀ) ਨੇ ਹੁਣ ਭਰੋਸਾ ਦਿੱਤਾ ਹੈ ਕਿ ਭਾਰਤ ਰੂਸ ਤੋਂ ਤੇਲ ਨਹੀਂ ਖਰੀਦੇਗਾ | ਇਹ ਇਕ ਵੱਡਾ ਕਦਮ ਹੈ | ਹੁਣ ਸਾਨੂੰ ਚੀਨ ਤੋਂ ਵੀ ਇਹ ਹੀ ਕਰਵਾਉਣਾ ਹੋਵੇਗਾ |

ਪਿਛਲੀ ਖ਼ਬਰ ਰਾਜਿੰਦਰ ਗੁਪਤਾ ਪੰਜਾਬ ਤੋਂ ਰਾਜ ਸਭਾ ਲਈ ਬਿਨਾਂ ਮੁਕਾਬਲਾ ਚੁਣੇ ਗਏ ਅਗਲੀ ਖ਼ਬਰ ਭਾਰਤ-ਰੂਸ ਊਰਜਾ ਸੰਬੰਧ ਕੌਮਾਂਤਰੀ ਹਿਤਾਂ 'ਤੇ ਆਧਾਰਿਤ-ਰੂਸੀ ਰਾਜਦੂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।