ਪਣਜੀ, 21 ਅਕਤੂਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਈ.ਐਨ.ਐਸ. ਵਿਕਰਾਂਤ 'ਤੇ ਜਲ ਸੈਨਾ ਦੇ ਜਵਾਨਾਂ ਨਾਲ ਦੀਵਾਲੀ ਮਨਾਈ, ਜਿਸ ਨੂੰ ਉਨ੍ਹਾਂ ਆਤਮਨਿਰਭਰ ਭਾਰਤ ਦਾ ਇਕ ਵਿਸ਼ਾਲ ਪ੍ਰਤੀਕ ਦੱਸਿਆ | ਮੋਦੀ ਐਤਵਾਰ ਸ਼ਾਮ ਨੂੰ ਇੱਥੇ ਪਹੁੰਚੇ ਤੇ ਗੋਆ ਦੇ ਤੱਟ ਤੋਂ ਸਵਦੇਸ਼ੀ ਜਹਾਜ਼ 'ਤੇ ਸਵਾਰ ਹੋਏ | ਸੂਤਰਾਂ ਨੇ ਦੱਸਿਆ ਕਿ ਪੂਰੀ ਯਾਤਰਾ ਇਕ ਵਿਵੇਕਸ਼ੀਲ ਢੰਗ ਨਾਲ ਕੀਤੀ ਗਈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਇਕ ਪਾਸੇ ਮੇਰੇ ਕੋਲ ਅਨੰਤ ਦੂਰੀ ਤੇ ਅਨੰਤ ਅਸਮਾਨ ਹੈ ਤੇ ਦੂਜੇ ਪਾਸੇ ਮੇਰੇ ਕੋਲ ਇਹ ਵਿਸ਼ਾਲ, ਆਈ.ਐਨ.ਐਸ. ਵਿਕਰਾਂਤ ਹੈ, ਜੋ ਅਨੰਤ ਸ਼ਕਤੀਆਂ ਨੂੰ ਮੂਰਤੀਮਾਨ ਕਰਦਾ ਹੈ | ਸਮੁੰਦਰ ਦੇ ਪਾਣੀਆਂ 'ਤੇ ਸੂਰਜ ਦੀਆਂ ਕਿਰਨਾਂ ਦੀ ਚਮਕ ਬਹਾਦਰ ਸੈਨਿਕਾਂ ਦੁਆਰਾ ਜਗਾਏ ਗਏ ਦੀਵਾਲੀ ਦੇ ਦੀਵਿਆਂ ਵਾਂਗ ਹੈ | ਮੋਦੀ ਨੇ ਕਿਹਾ ਕਿ ਐਤਵਾਰ ਸ਼ਾਮ 'ਵਿਕਰਾਂਤ' 'ਤੇ ਹਵਾਈ ਅਭਿਆਸਾਂ ਨੂੰ ਦੇਖਦੇ ਹੋਏ ਇਕ ਸੱਭਿਆਚਾਰਕ ਸ਼ਾਮ ਦਾ ਹਿੱਸਾ ਬਣ ਕੇ ਤੇ ਜਲ ਸੈਨਾ ਦੇ ਕਰਮਚਾਰੀਆਂ ਨਾਲ ਬਾਰਾ ਖਾਨਾ 'ਚ ਹਿੱਸਾ ਲੈਂਦੇ ਹੋਏ ਬਿਤਾਈ | ਲੋਕ ਆਪਣੇ ਪਰਿਵਾਰਾਂ ਨਾਲ ਦੀਵਾਲੀ ਮਨਾਉਣਾ ਪਸੰਦ ਕਰਦੇ ਹਨ ਤੇ ਮੈਂ ਵੀ ਇਸੇ ਤਰ੍ਹਾਂ ਕਰਦਾ ਹਾਂ, ਇਸੇ ਲਈ ਹਰ ਸਾਲ ਮੈਂ ਆਪਣੀ ਫੌਜ ਤੇ ਸੁਰੱਖਿਆ ਕਰਮਚਾਰੀਆਂ ਨੂੰ ਮਿਲਦਾ ਹਾਂ, ਜੋ ਸਾਡੇ ਦੇਸ਼ ਨੂੰ ਸੁਰੱਖਿਅਤ ਰੱਖਦੇ ਹਨ | ਉਨ੍ਹਾਂ ਕਿਹਾ ਕਿ ਆਈ.ਐਨ.ਐਸ. ਵਿਕਰਾਂਤ 'ਤੇ ਇਕ ਸ਼ਾਨਦਾਰ ਹਵਾਈ ਸ਼ਕਤੀ ਪ੍ਰਦਰਸ਼ਨ ਦੇਖਿਆ, ਜਿਸ 'ਚ ਸ਼ੁੱਧਤਾ ਤੇ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਗਿਆ | ਦਿਨ ਦੀ ਰੌਸ਼ਨੀ 'ਚ ਤੇ ਹਨੇਰੀ ਰਾਤ 'ਚ ਇਕ ਛੋਟੇ ਰਨਵੇਅ 'ਤੇ ਮਿਗ-29 ਲੜਾਕੂ ਜਹਾਜ਼ਾਂ ਦਾ ਉਡਾਣ ਭਰਨਾ ਤੇ ਉਤਰਨਾ ਹੁਨਰ, ਅਨੁਸ਼ਾਸਨ ਤੇ ਤਕਨੀਕੀ ਉੱਤਮਤਾ ਦਾ ਪ੍ਰਦਰਸ਼ਨ ਸੀ | ਸੋਮਵਾਰ ਸਵੇਰੇ ਮੋਦੀ ਆਈ.ਐਨ.ਐਸ. ਵਿਕਰਾਂਤ ਦੇ ਡੈੱਕ 'ਤੇ ਯੋਗਾ ਸੈਸ਼ਨ 'ਚ ਸ਼ਾਮਿਲ ਹੋਏ ਤੇ ਜੰਗੀ ਜਹਾਜ਼ਾਂ ਦੇ ਸ਼ਾਨਦਾਰ ਸਟੀਮਪਾਸਟ ਤੇ ਹਵਾਈ ਜਹਾਜ਼ਾਂ ਦੁਆਰਾ ਫਲਾਈਪਾਸਟ ਵੀ ਦੇਖਿਆ | ਉਨ੍ਹਾਂ ਜਲ ਸੈਨਾ ਦੇ ਕਰਮਚਾਰੀਆਂ ਨੂੰ ਇਕ ਪ੍ਰੇਰਨਾਦਾਇਕ ਭਾਸ਼ਣ ਦਿੱਤਾ ਤੇ ਉਨ੍ਹਾਂ ਨੂੰ ਮਿਠਾਈਆਂ ਵੀ ਦਿੱਤੀਆਂ | ਉਨ੍ਹਾਂ ਕਿਹਾ ਕਿ ਆਈ.ਐਨ.ਐਸ. ਵਿਕਰਾਂਤ ਸਿਰਫ਼ ਇਕ ਜੰਗੀ ਜਹਾਜ਼ ਨਹੀਂ ਹੈ | ਇਹ 21ਵੀਂ ਸਦੀ ਦੇ ਭਾਰਤ ਦੀ ਸਖ਼ਤ ਮਿਹਨਤ, ਪ੍ਰਤਿਭਾ, ਪ੍ਰਭਾਵ ਤੇ ਵਚਨਬੱਧਤਾ ਦਾ ਪ੍ਰਮਾਣ ਹੈ |