ਚੰਡੀਗੜ੍ਹ, 22 ਅਕਤੂਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਸਰਕਾਰ ਨੇ ਅੱਜ ਪੁਲਿਸ ਵਿਭਾਗ 'ਚ ਤਬਾਦਲੇ ਕਰਦਿਆਂ ਰੋਪੜ ਰੇਂਜ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੀ ਗਿ੍ਫ਼ਤਾਰੀ ਤੋਂ ਬਾਅਦ ਖ਼ਾਲੀ ਹੋਈ ਅਹਿਮ ਜ਼ਿੰਮੇਵਾਰੀ ਨਵੀਂ ਤਾਇਨਾਤੀ ਨਾਲ ਭਰੀ ਹੈ | ਡਾ. ਨਾਨਕ ਸਿੰਘ, ਜੋ ਇਸ ਤੋਂ ਪਹਿਲਾਂ ਬਾਰਡਰ ਰੇਂਜ ਦੇ ਡੀ.ਆਈ.ਜੀ. ਸਨ, ਨੂੰ ਹੁਣ ਰੋਪੜ ਰੇਂਜ ਦਾ ਡੀ.ਆਈ.ਜੀ. ਨਿਯੁਕਤ ਕੀਤਾ ਗਿਆ ਹੈ | ਨਾਲ ਹੀ ਸੰਦੀਪ ਗੋਇਲ ਨੂੰ ਬਾਰਡਰ ਰੇਂਜ ਦਾ ਨਵਾਂ ਡੀ.ਆਈ.ਜੀ. ਬਣਾਇਆ ਗਿਆ ਹੈ | ਡਾ. ਨਾਨਕ ਸਿੰਘ ਨੂੰ ਇਕ ਕਾਬਲ ਅਤੇ ਸਿੱਧੇ ਸਾਧੇ ਅਫਸਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ | ਉਨ੍ਹਾਂ ਨੇ ਪਹਿਲਾਂ ਵੀ ਕਈ ਮਹੱਤਵਪੂਰਨ ਜ਼ਿਲਿ੍ਹਆਂ 'ਚ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ ਹੈ | ਸਰਕਾਰੀ ਸੂਤਰਾਂ ਮੁਤਾਬਕ ਉਨ੍ਹਾਂ ਦੀ ਤਾਇਨਾਤੀ ਰੋਪੜ ਰੇਂਜ ਵਿਚ ਵਿਵਸਥਾ ਮੁੜ ਸਥਾਪਿਤ ਕਰਨ ਅਤੇ ਵਿਭਾਗੀ ਕਾਰਗੁਜ਼ਾਰੀ ਨੂੰ ਹੋਰ ਮਜ਼ਬੂਤ ਬਣਾਉਣ ਵਾਸਤੇ ਕੀਤੀ ਗਈ ਹੈ | ਉੱਧਰ ਬਾਰਡਰ ਰੇਂਜ ਦੇ ਨਵੇਂ ਡੀ.ਆਈ.ਜੀ. ਵਜੋਂ ਸੰਦੀਪ ਗੋਇਲ ਨੂੰ ਦਿੱਤੀ ਜ਼ਿੰਮੇਵਾਰੀ ਵੀ ਮਹੱਤਵਪੂਰਨ ਮੰਨੀ ਜਾ ਰਹੀ ਹੈ, ਕਿਉਂਕਿ ਇਹ ਖੇਤਰ ਸਰਹੱਦੀ ਸੁਰੱਖਿਆ ਅਤੇ ਨਸ਼ਿਆਂ ਖ਼ਿਲਾਫ਼ ਕਾਰਵਾਈ ਪੱਖੋਂ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ | ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਇਹ ਤਬਾਦਲੇ ਵਿਭਾਗ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਵਾਸਤੇ ਕੀਤੇ ਗਏ ਹਨ |