19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਅਖ਼ਤਰ ਦੀ ਪੋਸਟਮਾਰਟਮ ਰਿਪੋਰਟ ਆਈ

ਅਜੀਤ ਡੈਸਕ 23-10-2025

ਕੈਮੀਕਲ ਐਗਜ਼ਾਮੀਨੇਸ਼ਨ ਤੋਂ ਬਾਅਦ ਹੀ ਅੰਤਿਮ ਨਤੀਜਾ ਲਿਆ ਜਾ ਸਕਦੈ-ਵਿਕਰਮ ਨਹਿਰਾ
ਪੰਚਕੂਲਾ, 22 ਅਕਤੂਬਰ (ਕਪਿਲ)-ਪੰਜਾਬ ਦੇ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਅਖ਼ਤਰ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ ਦੀ ਗੁੱਥੀ ਹੁਣ ਤੱਕ ਨਹੀਂ ਸੁਲਝੀ | ਜਿਥੇ ਇਕ ਪਾਸੇ ਮੌਤ ਤੋਂ ਪਹਿਲਾਂ ਅਕੀਲ ਅਖ਼ਤਰ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਪਾ ਕੇ ਕਈ ਸਵਾਲ ਖੜ੍ਹੇ ਕੀਤੇ ਸਨ, ਉਥੇ ਹੀ ਇਸ ਮਾਮਲੇ 'ਚ ਕੇਸ ਦਰਜ ਹੋਣ ਤੋਂ ਬਾਅਦ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫਾ ਦਾ ਬਿਆਨ ਵੀ ਸਾਹਮਣੇ ਆਇਆ ਸੀ, ਜਿਸ 'ਚ ਉਨ੍ਹਾਂ ਕਈ ਗੱਲਾਂ 'ਤੇ ਜਵਾਬ ਦਿੱਤੇ ਸਨ | ਇਸ ਮਾਮਲੇ 'ਚ ਮਿ੍ਤਕ ਅਕੀਲ ਅਖ਼ਤਰ ਦੀ ਪੋਸਟਮਾਰਟਮ ਰਿਪੋਰਟ ਆ ਚੁੱਕੀ ਹੈ, ਜਿਸ ਦਾ ਆਖਰੀ ਵਿਸ਼ਲੇਸ਼ਣ ਐਸ. ਆਈ. ਟੀ. ਵਲੋਂ ਕੀਤਾ ਜਾ ਰਿਹਾ ਹੈ | ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ. ਆਈ. ਟੀ. ਦੇ ਇੰਚਾਰਜ ਵਿਕਰਮ ਨਹਿਰਾ ਨੇ ਦੱਸਿਆ ਕਿ ਆਖਰੀ ਵਿਸ਼ਲੇਸ਼ਣ ਅਤੇ ਵਿਸਰਾ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨ ਦਾ ਖ਼ੁਲਾਸਾ ਹੋ ਸਕੇਗਾ | ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਹੁਣ ਪੋਸਟਮਾਰਟਮ ਰਿਪੋਰਟ ਆ ਗਈ ਹੈ ਅਤੇ ਵਿਸਰਾ ਵੀ ਮਿਲ ਚੁੱਕਾ ਹੈ ਪਰ ਹਾਲੇ ਡਾਕਟਰਾਂ ਵਲੋਂ ਕੋਈ ਆਖਰੀ ਨਤੀਜਾ ਨਹੀਂ ਲਿਆ ਗਿਆ | ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਅਤੇ ਵਿਸਰੇ ਨੂੰ ਕੈਮੀਕਲ ਐਗਜ਼ਾਮੀਨੇਸ਼ਨ ਲਈ ਭੇਜਿਆ ਜਾਵੇਗਾ ਅਤੇ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਕਾਰਨ ਸਪੱਸ਼ਟ ਹੋ ਸਕਣਗੇ | ਮਿ੍ਤਕ ਦੇ ਸਰੀਰ 'ਤੇ ਇੰਜੈਕਸ਼ਨ ਦੇ ਨਿਸ਼ਾਨਾਂ ਬਾਰੇ ਪੁੱਛੇ ਜਾਣ 'ਤੇ ਐਸ. ਆਈ. ਟੀ. ਦੇ ਇੰਚਾਰਜ ਵਿਕਰਮ ਨਹਿਰਾ ਨੇ ਕਿਹਾ ਕਿ ਇਸ ਬਾਰੇ ਕੁਝ ਕਹਿਣਾ ਹਾਲੇ ਜਲਦੀ ਹੋਵੇਗਾ ਕਿਉਂਕਿ ਅਜੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਮੌਕੇ ਦੇ ਹਾਲਾਤ ਨਾਲ ਮਿਲਾਣ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕੈਮੀਕਲ ਐਗਜ਼ਾਮੀਨੇਸ਼ਨ ਤੋਂ ਬਾਅਦ ਹੀ ਅੰਤਿਮ ਨਤੀਜਾ ਲਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਵਿਸਰਾ ਰਿਪੋਰਟ ਨੂੰ ਤਰਜੀਹੀ ਤੌਰ 'ਤੇ ਜਲਦ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ | ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫਾ ਦੇ ਬਿਆਨ ਬਾਰੇ ਬੋਲਦਿਆਂ ਵਿਕਰਮ ਨਹਿਰਾ ਨੇ ਕਿਹਾ ਕਿ ਇਹ ਸਾਰਾ ਮਾਮਲਾ ਜਾਂਚ ਦਾ ਵਿਸ਼ਾ ਹੈ ਅਤੇ ਐਸ. ਆਈ. ਟੀ. ਇਸ ਦੀ ਪੂਰੀ ਜਾਂਚ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਮਿ੍ਤਕ ਮਾਨਸਿਕ ਰੋਗੀ ਸੀ ਜਾਂ ਨਹੀਂ ਇਹ ਉਸ ਦੀ ਮੈਡੀਕਲ ਹਿਸਟਰੀ ਤੋਂ ਪਤਾ ਚੱਲੇਗਾ ਅਤੇ ਉਸ ਦਾ ਕਿਸ ਤਰੀਕੇ ਨਾਲ ਇਲਾਜ ਹੋ ਰਿਹਾ ਸੀ, ਇਹ ਵੀ ਜਾਂਚ ਦਾ ਹਿੱਸਾ ਹੈ | ਸਾਬਕਾ ਡੀ. ਜੀ. ਪੀ. ਅਤੇ ਹੋਰਨਾਂ ਲੋਕਾਂ ਨੂੰ ਜਾਂਚ 'ਚ ਸ਼ਾਮਿਲ ਕਰਨ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਜਲਦ ਹੀ ਉਨ੍ਹਾਂ ਨੂੰ ਵੀ ਜਾਂਚ 'ਚ ਸ਼ਾਮਿਲ ਕੀਤਾ ਜਾਵੇਗਾ ਅਤੇ ਮਿ੍ਤਕ ਨਾਲ ਜੁੜੇ ਹੋਏ ਜਾਂ ਉਸ ਦੇ ਸੰਪਰਕ 'ਚ ਰਹੇ ਲੋਕਾਂ ਨੂੰ ਵੀ ਪੁੱਛਗਿੱਛ ਲਈ ਸੱਦਿਆ ਜਾਵੇਗਾ | ਸੋਸ਼ਲ ਮੀਡੀਆ 'ਤੇ ਪਾਈ ਗਈ ਵੀਡੀਓ ਬਾਰੇ ਉਨ੍ਹਾਂ ਕਿਹਾ ਕਿ ਉਸ ਨੂੰ ਫੋਰੈਂਸਿਕ ਵਿਭਾਗ ਨੂੰ ਭੇਜਿਆ ਜਾਵੇਗਾ ਅਤੇ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਵੀਡੀਓ ਕਦੋਂ ਅਪਲੋਡ ਜਾਂ ਡਾਊਨਲੋਡ ਕੀਤੀ ਗਈ ਸੀ | ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਵੱਖ-ਵੱਖ ਪੱਖਾਂ ਤੋਂ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਮੁੱਖ ਤੌਰ 'ਤੇ ਮੌਤ ਦੇ ਕਾਰਨ ਕੀ ਸਨ ਅਤੇ ਮੌਤ ਕਿਵੇਂ ਹੋਈ, ਇਸ 'ਤੇ ਸਾਡਾ ਧਿਆਨ ਕੇਂਦਿ੍ਤ ਹੈ | ਸ਼ਿਕਾਇਤਕਰਤਾ ਸ਼ਮਸੁਦੀਨ ਚੌਧਰੀ ਬਾਰੇ ਬੋਲਦੇ ਹੋਏ ਵਿਕਰਮ ਨਹਿਰਾ ਨੇ ਕਿਹਾ ਕਿ ਉਨ੍ਹਾਂ ਵਲੋਂ ਦਿੱਤੀ ਗਈ ਸ਼ਿਕਾਇਤ ਸੰਬੰਧੀ ਪੁਲਿਸ ਜਾਂਚ ਕਰ ਰਹੀ ਹੈ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ | ਮਿ੍ਤਕ ਦੇ ਮੋਬਾਈਲ ਅਤੇ ਹੋਰ ਉਪਕਰਨਾਂ ਦੀ ਜਾਂਚ ਬਾਰੇ ਉਨ੍ਹਾਂ ਕਿਹਾ ਕਿ ਜਲਦ ਹੀ ਉਨ੍ਹਾਂ ਨੂੰ ਵੀ ਕਬਜ਼ੇ 'ਚ ਲਿਆ ਜਾਵੇਗਾ ਅਤੇ ਸੰਬੰਧਿਤ ਦਸਤਾਵੇਜ਼ ਇਕੱਠੇ ਕੀਤੇ ਜਾਣਗੇ |

ਪਿਛਲੀ ਖ਼ਬਰ ਕਾਬੁਲ 'ਚ ਭਾਰਤੀ ਤਕਨੀਕੀ ਮਿਸ਼ਨ ਨੂੰ ਦਿੱਤਾ ਦੂਤਘਰ ਦਾ ਦਰਜਾ ਅਗਲੀ ਖ਼ਬਰ 3 ਜ਼ਿਲਿ੍ਹਆਂ ਦੇ ਡੀ.ਸੀ. ਸਮੇਤ 6 ਆਈ.ਏ.ਐਸ. ਬਦਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।