ਸੁਰਿੰਦਰ ਕੋਛੜ
ਅੰਮਿ੍ਤਸਰ, 22 ਅਕਤੂਬਰ-ਭਾਰਤ ਵਲੋਂ ਅਧਿਕਾਰਤ ਤੌਰ 'ਤੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਆਪਣੇ ਤਕਨੀਕੀ ਮਿਸ਼ਨ ਨੂੰ ਦੂਤਘਰ ਦੇ ਪੱਧਰ ਤੱਕ ਅਪਗ੍ਰੇਡ ਕਰਨ ਦੇ ਫ਼ੈਸਲੇ 'ਤੇ ਤਾਲਿਬਾਨ ਸ਼ਾਸਕਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ | ਇਸ ਦੂਤਘਰ ਦੀ ਅਗਵਾਈ 'ਚਾਰਜ ਡੀ-ਅਫੇਅਰਜ਼' ਵਜੋਂ ਨਿਯੁਕਤ ਸੀਨੀਅਰ ਭਾਰਤੀ ਡਿਪਲੋਮੈਟ ਕਰਨਗੇ | ਕਾਬੁਲ ਵਿਚਲਾ ਭਾਰਤੀ ਦੂਤਘਰ ਸ਼ਰਾਰਾ ਸ਼ਹਿਰ 'ਚ ਸਥਿਤ ਹੈ | ਇਸਲਾਮਿਕ ਅਮੀਰਾਤ ਆਫ਼ ਅਫ਼ਗਾਨਿਸਤਾਨ ਦੇ ਬੁਲਾਰੇ ਜ਼ਬੀਉੱਲਾ ਮੁਜਾਹਿਦ ਨੇ ਅਫ਼ਗਾਨ ਮੀਡੀਆ ਨਾਲ ਗੱਲਬਾਤ ਦੌਰਾਨ ਭਾਰਤ ਦੀਆਂ ਹਾਲੀਆ ਕੂਟਨੀਤਕ ਪਹਿਲਕਦਮੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸ਼ੁਰੂਆਤ ਕਾਬੁਲ ਅਤੇ ਨਵੀਂ ਦਿੱਲੀ ਵਿਚਕਾਰ ਕੂਟਨੀਤਕ ਸੰਬੰਧਾਂ ਨੂੰ ਮੁੜ ਸਥਾਪਿਤ ਕਰੇਗੀ ਅਤੇ ਇਸ ਨਾਲ ਆਪਸੀ ਵਿਸ਼ਵਾਸ ਵਧੇਗਾ | ਮੁਜਾਹਿਦ ਨੇ ਭਰੋਸਾ ਦਿਵਾਇਆ ਕਿ ਇਸਲਾਮਿਕ ਅਮੀਰਾਤ ਭਾਰਤ ਨਾਲ ਵੱਧ ਤੋਂ ਵੱਧ ਸੰਪਰਕ ਵਧਾਏਗਾ | ਭਾਰਤੀ ਵਿਦੇਸ਼ ਮੰਤਰਾਲੇ ਦਾ ਵੀ ਕਹਿਣਾ ਹੈ ਕਿ ਇਹ ਦੂਤਘਰ ਅਫ਼ਗਾਨਿਸਤਾਨ ਦੇ ਸਮੁੱਚੇ ਵਿਕਾਸ, ਮਾਨਵਤਾਵਾਦੀ ਸਹਾਇਤਾ ਅਤੇ ਸਮਰੱਥਾ ਨਿਰਮਾਣ 'ਚ ਭਾਰਤ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰੇਗਾ | ਇਸ ਤੋਂ ਇਲਾਵਾ ਅਫ਼ਗਾਨਿਸਤਾਨ ਦੇ ਰੱਖਿਆ ਮੰਤਰੀ ਮੌਲਵੀ ਮੁਹੰਮਦ ਯਾਕੂਬ ਮੁਜਾਹਿਦ ਨੇ ਪਾਕਿਸਤਾਨ ਸਰਕਾਰ ਅਤੇ ਫ਼ੌਜ ਦੇ ਉਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਅਫ਼ਗਾਨਿਸਤਾਨ ਅਤੇ ਪਾਕਿ ਵਿਚਕਾਰ ਹੋਈਆਂ ਹਾਲੀਆ ਝੜਪਾਂ 'ਚ ਭਾਰਤ ਦੀ ਭੂਮਿਕਾ ਸੀ | ਇਕ ਟੀ.ਵੀ. ਇੰਟਰਵਿਊ 'ਚ ਉਨ੍ਹਾਂ ਨੇ ਕਿਹਾ ਕਿ ਇਹ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ | ਅਫ਼ਗਾਨਿਸਤਾਨ ਨੇ ਕਦੇ ਵੀ ਕਿਸੇ ਹੋਰ ਦੇਸ਼ ਨੂੰ ਆਪਣੀ ਧਰਤੀ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ | ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਇਕ ਸੁਤੰਤਰ ਦੇਸ਼ ਹਾਂ ਅਤੇ ਭਾਰਤ ਤੇ ਪਾਕਿ ਨਾਲ ਸਾਡੇ ਸੰਬੰਧ ਸਿਰਫ਼ ਰਾਸ਼ਟਰੀ ਹਿਤਾਂ ਦੁਆਰਾ ਨਿਰਧਾਰਿਤ ਕੀਤੇ ਜਾਂਦੇ ਹਨ |
ਭਾਰਤ ਨੇ ਜਨਵਰੀ 1950 'ਚ ਸਥਾਪਿਤ ਕੀਤਾ ਸੀ ਤਕਨੀਕੀ ਮਿਸ਼ਨ
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਖੇ ਭਾਰਤੀ ਤਕਨੀਕੀ ਮਿਸ਼ਨ ਜਨਵਰੀ 1950 'ਚ ਪੰਜ ਸਾਲਾ ਦੋਸਤੀ ਸੰਧੀ ਦੇ ਨਤੀਜੇ ਵਜੋਂ ਸਥਾਪਿਤ ਕੀਤਾ ਗਿਆ | ਸੰਧੀ 'ਚ ਇਕ ਦੂਜੇ ਦੇ ਖੇਤਰਾਂ 'ਚ ਕੂਟਨੀਤਕ ਅਤੇ ਕੌਂਸਲਰ ਪੋਸਟਾਂ ਦੀ ਸਥਾਪਨਾ ਦੀ ਵਿਵਸਥਾ ਕੀਤੀ ਗਈ ਸੀ | ਭਾਰਤ ਨੇ ਹੇਰਾਤ, ਕੰਧਾਰ, ਜਲਾਲਾਬਾਦ ਅਤੇ ਮਜ਼ਾਰ-ਏ-ਸ਼ਰੀਫ਼ 'ਚ ਵੀ ਕੌਂਸਲੇਟ ਸਥਾਪਿਤ ਕੀਤੇ, ਜੋ ਕਾਬੁਲ 'ਚ ਭਾਰਤੀ ਤਕਨੀਕੀ ਮਿਸ਼ਨ ਨਾਲ ਜੁੜੇ ਹੋਏ ਸਨ |
ਭਾਰਤੀ ਕੌਂਸਲੇਟਾਂ ਨੂੰ ਵਾਰ-ਵਾਰ ਬਣਾਇਆ ਅੱਤਵਾਦੀਆਂ ਨੇ ਨਿਸ਼ਾਨਾ
ਅਫ਼ਗਾਨਿਸਤਾਨ 'ਚ ਭਾਰਤੀ ਕੌਂਸਲੇਟਾਂ ਨੂੰ ਵਾਰ-ਵਾਰ ਅੱਤਵਾਦੀਆਂ ਦੁਆਰਾ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ | 7 ਜੁਲਾਈ 2008 ਨੂੰ ਉੱਥੋਂ ਦੇ ਸਥਾਨਕ ਸਮੇਂ ਅਨੁਸਾਰ ਸਵੇਰੇ 8:30 ਵਜੇ ਕਾਬੁਲ ਵਿਚ ਭਾਰਤੀ ਦੂਤਾਵਾਸ 'ਤੇ ਇਕ ਆਤਮਘਾਤੀ ਬੰਬ ਅੱਤਵਾਦੀ ਹਮਲਾ ਹੋਇਆ | ਇਸ ਬੰਬ ਧਮਾਕੇ 'ਚ 58 ਲੋਕ ਮਾਰੇ ਗਏ ਅਤੇ 141 ਜ਼ਖ਼ਮੀ ਹੋਏ | ਆਤਮਘਾਤੀ ਕਾਰ ਬੰਬ ਧਮਾਕਾ ਸਵੇਰੇ ਦੂਤਾਵਾਸ ਦੇ ਗੇਟਾਂ ਦੇ ਨੇੜੇ ਉਦੋਂ ਹੋਇਆ ਜਦੋਂ ਅਧਿਕਾਰੀ ਦੂਤਾਵਾਸ 'ਚ ਦਾਖਲ ਹੋ ਰਹੇ ਸਨ | ਇਸ ਤੋਂ ਬਾਅਦ 8 ਅਕਤੂਬਰ 2009 ਨੂੰ ਭਾਰਤੀ ਦੂਤਾਵਾਸ 'ਤੇ ਹੋਏ ਆਤਮਘਾਤੀ ਬੰਬ ਹਮਲੇ 'ਚ 17 ਲੋਕ ਮਾਰੇ ਗਏ ਅਤੇ 63 ਜ਼ਖ਼ਮੀ ਹੋਏ | ਸਾਲ 2013 'ਚ ਜਲਾਲਾਬਾਦ ਅਤੇ ਸਾਲ 2014 'ਚ ਹੇਰਾਤ ਵਿਚਲੇ ਭਾਰਤੀ ਕੌਂਸਲੇਟਾਂ 'ਤੇ ਹਮਲੇ ਕੀਤੇ ਗਏ | ਸਾਲ 2021 'ਚ ਤਾਲਿਬਾਨ ਦੇ ਸੱਤਾ 'ਚ ਆਉਣ ਤੋਂ ਬਾਅਦ ਦੂਤਾਵਾਸ ਦੇ ਨਾਲ-ਨਾਲ ਕੌਂਸਲੇਟ ਬੰਦ ਕਰ ਦਿੱਤੇ ਗਏ ਸਨ | ਉਸ ਦੌਰਾਨ ਹੋਏ ਹਮਲਿਆਂ 'ਚ ਦੂਤਾਵਾਸ ਅਤੇ ਕੌਂਸਲੇਟ ਦੀਆਂ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ | ਜੂਨ 2022 'ਚ ਭਾਰਤ ਨੇ ਆਪਣੇ ਦੂਤਾਵਾਸ 'ਚ ਅਫ਼ਗਾਨਿਸਤਾਨ ਨੂੰ ਮਾਨਵਤਾਵਾਦੀ ਸਹਾਇਤਾ ਦੇ ਨਾਲ ਇਕ ਤਕਨੀਕੀ ਟੀਮ ਭੇਜ ਕੇ ਉੱਥੇ ਆਪਣੀ ਕੂਟਨੀਤਕ ਮੌਜੂਦਗੀ ਦੁਬਾਰਾ ਸਥਾਪਿਤ ਕੀਤੀ |
ਕਾਬੁਲ 'ਚ ਭਾਰਤੀ ਤਕਨੀਕੀ ਮਿਸ਼ਨ ਨੂੰ ਦਿੱਤਾ ਦੂਤਘਰ ਦਾ ਦਰਜਾ
ਅਜੀਤ ਡੈਸਕ
23-10-2025