19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਪੀ.ਡਬਲਯੂ.ਡੀ. ਦੀ ਨਿਗਰਾਨੀ ਹੇਠ ਬੀ.ਆਰ.ਓ. ਦੁਆਰਾ ਬਣਾਇਆ ਗਿਆ ਸੀ, ਪਟਿਆਲਾ ਪੁਲ ਦਾ ਡਿੱਗਿਆ ਹੋਇਆ ਹਿੱਸਾ - ਐਨ.ਐੱਚ.ਏ.ਆਈ.

ਨਵੀਂ ਦਿੱਲੀ, 19 ਨਵੰਬਰ - ਪਟਿਆਲਾ-ਸੰਗਰੂਰ ਰਾਸ਼ਟਰੀ ਰਾਜਮਾਰਗ 'ਤੇ ਭਾਖੜਾ ਨਹਿਰ 'ਤੇ ਬਣੇ ਲੋਹੇ ਦੇ ਪੁਲ ਦਾ ਇਕ ਹਿੱਸਾ ਅੱਜ ਸਵੇਰੇ ਅਚਾਨਕ ਟੁੱਟ...

ਅਜੀਤ ਡੈਸਕ 19-11-2026

ਨਵੀਂ ਦਿੱਲੀ, 19 ਨਵੰਬਰ - ਪਟਿਆਲਾ-ਸੰਗਰੂਰ ਰਾਸ਼ਟਰੀ ਰਾਜਮਾਰਗ 'ਤੇ ਭਾਖੜਾ ਨਹਿਰ 'ਤੇ ਬਣੇ ਲੋਹੇ ਦੇ ਪੁਲ ਦਾ ਇਕ ਹਿੱਸਾ ਅੱਜ ਸਵੇਰੇ ਅਚਾਨਕ ਟੁੱਟ ਗਿਆ। ਇਸ ਨੂੰ ਲੈ ਕੇ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ (ਐਨ.ਐੱਚ.ਏ.ਆਈ.) ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਪਟਿਆਲਾ ਬਾਈਪਾਸ ਹਿੱਸੇ 'ਤੇ ਇਕ ਮੰਦਭਾਗੀ ਘਟਨਾ ਵਾਪਰੀ ਹੈ, ਜਿੱਥੇ ਭਾਖੜਾ ਮੇਨ ਲਾਈਨ ਨਹਿਰ 'ਤੇ ਬਣਿਆ 60 ਮੀਟਰ ਲੰਬਾ ਸਟੀਲ ਟਰੱਸ ਪੁਲ (ਜੋ ਖੱਬੇ ਪਾਸੇ ਸਥਿਤ ਸੀ) ਅੱਜ ਸਵੇਰੇ ਲਗਭਗ 6:00 ਵਜੇ ਡਿੱਗ ਗਿਆ।
ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਜਾਂ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਐਨ.ਐੱਚ.ਏ.ਆਈ. ਦੀ 'ਇੰਸੀਡੈਂਟ ਮੈਨੇਜਮੈਂਟ ਟੀਮ' (ਘਟਨਾ ਪ੍ਰਬੰਧਨ ਟੀਮ) ਨੇ ਤੁਰੰਤ ਕਾਰਵਾਈ ਕਰਦੇ ਹੋਏ, ਸੜਕ ਵਰਤੋਂਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਖੱਬੇ ਪਾਸੇ ਦੇ ਸਾਰੇ ਆਵਾਜਾਈ ਨੂੰ 'ਸਰਵਿਸ ਰੋਡ' ਵੱਲ ਮੋੜ ਦਿੱਤਾ ਹੈ।
ਤੁਰੰਤ ਸੁਰੱਖਿਆ ਉਪਾਅ ਵਜੋਂ, ਮੌਕੇ 'ਤੇ ਚੌਵੀ ਘੰਟੇ ਲਈ 'ਰੋਡ ਸੇਫਟੀ ਮਾਰਸ਼ਲ' ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਟ੍ਰੈਫਿਕ ਪੁਲਿਸ ਦੁਆਰਾ ਬੈਰੀਕੇਡਿੰਗ ਕੀਤੀ ਗਈ ਹੈ ਤਾਂ ਜੋ ਵਾਹਨ ਚਾਲਕਾਂ ਨੂੰ ਸੁਚੇਤ ਕੀਤਾ ਜਾ ਸਕੇ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਪ੍ਰਭਾਵਿਤ ਖੇਤਰ ਨੂੰ ਸੁਰੱਖਿਅਤ ਕਰਨ ਲਈ, ਡਿੱਗੇ ਹੋਏ ਹਿੱਸੇ ਦੇ ਆਲੇ-ਦੁਆਲੇ ਪਰਦੇ ਲਗਾਏ ਜਾ ਰਹੇ ਹਨ, ਅਤੇ ਨਾਲ ਹੀ ਲੋੜੀਂਦੇ ਸੰਕੇਤ-ਚਿੰਨ੍ਹ ਅਤੇ ਰੋਸ਼ਨੀ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ।
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਚਾਰ-ਮਾਰਗੀ ਪਟਿਆਲਾ ਬਾਈਪਾਸ ਹਿੱਸਾ 2018 ਵਿਚ ਐਨ.ਐੱਚ.ਏ.ਆਈ. ਨੂੰ ਸੌਂਪਿਆ ਗਿਆ ਸੀ। ਇਸ ਦੇ ਚਾਰ-ਮਾਰਗੀਕਰਨ ਦਾ ਕੰਮ ਪੰਜਾਬ ਦੇ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਅਧੀਨ ਕੀਤਾ ਗਿਆ ਸੀ।
ਇਹ ਹਿੱਸਾ ਵਰਤਮਾਨ ਵਿਚ ਐਨ.ਐੱਚ.ਏ.ਆਈ. ਦੇ 'ਥੋੜ੍ਹੇ ਸਮੇਂ ਦੇ ਰੱਖ-ਰਖਾਅ ਇਕਰਾਰਨਾਮੇ' ਅਧੀਨ ਆਉਂਦਾ ਹੈ।
ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਡਿੱਗਿਆ ਹੋਇਆ ਪੁਲ, ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਦੀ ਨਿਗਰਾਨੀ ਹੇਠ 'ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ' (ਬੀ.ਆਰ.ਓ.) ਦੁਆਰਾ ਬਣਾਇਆ ਗਿਆ ਸੀ।
ਪੀ.ਡਬਲਯੂ.ਡੀ. ਸੜਕ ਵਰਤੋਂਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਆਵਾਜਾਈ ਨੂੰ ਸੁਰੱਖਿਅਤ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕਣ ਲਈ ਵਚਨਬੱਧ ਹੈ।

ਪਿਛਲੀ ਖ਼ਬਰ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਯੋਗਤਾ ਨੂੰ ਲੈ ਕੇ ਹਾਈਕੋਰਟ 'ਚ ਮੁੜ ਸਵਾਲ ਅਗਲੀ ਖ਼ਬਰ ਤਾਮਿਲਨਾਡੂ - ਕਿਸਾਨਾਂ ਵਲੋਂ ਕਾਵੇਰੀ ਨਦੀ ਦੀ ਰੇਤ ਚ ਅਰਧ-ਸਮਾਧੀ ਕਰਕੇ ਵਿਲੱਖਣ ਵਿਰੋਧ ਪ੍ਰਦਰਸ਼ਨ