07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਸਤਲੁਜ ਪੁਲ ਦੀ ਮੁਰੰਮਤ ਲਈ ਕੇਂਦਰ ਤੋਂ ਫ਼ੰਡ ਲਿਆਉਣ ਨੂੰ ਤਿਆਰ: ਸਤਨਾਮ ਸਿੰਘ ਸੰਧੂ

ਮਾਛੀਵਾੜਾ ਸਾਹਿਬ (ਲੁਧਿਆਣਾ), 7 ਅਕਤੂਬਰ (ਰਾਜਦੀਪ ਸਿੰਘ ਅਲਬੇਲਾ) - ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਖੰਨਾ-ਨਵਾਂਸ਼ਹਿਰ ਮਾਰਗ ’ਤੇ ਸਤਲੁਜ ਦਰਿਆ ਉੱਪਰ...

ਅਜੀਤ ਡੈਸਕ 07-10-2026

ਮਾਛੀਵਾੜਾ ਸਾਹਿਬ (ਲੁਧਿਆਣਾ), 7 ਅਕਤੂਬਰ (ਰਾਜਦੀਪ ਸਿੰਘ ਅਲਬੇਲਾ) - ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਖੰਨਾ-ਨਵਾਂਸ਼ਹਿਰ ਮਾਰਗ ’ਤੇ ਸਤਲੁਜ ਦਰਿਆ ਉੱਪਰ ਬਣੇ ਸ਼ਹੀਦ ਭਗਤ ਸਿੰਘ ਯਾਦਗਾਰੀ ਪੁਲ ਦੀ ਖਸਤਾ ਹਾਲਤ ਅਤੇ ਧਸੀ ਹੋਈ ਸਲੈਬ ਦਾ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ। ਹਲਕਾ ਸਮਰਾਲਾ ਤੋਂ ਭਾਜਪਾ ਦੇ ਸੀਨੀਅਰ ਆਗੂ ਨੀਸ਼ੂ ਸ਼ਰਮਾ ਵਲੋਂ ਇਹ ਲੋਕ ਸਮੱਸਿਆ ਰਾਜ ਸਭਾ ਮੈਂਬਰ ਦੇ ਧਿਆਨ ’ਚ ਲਿਆਂਦੀ ਗਈ ਸੀ, ਜਿਸ ਤੋਂ ਬਾਅਦ ਸਤਨਾਮ ਸਿੰਘ ਸੰਧੂ ਅੱਜ ਪੁਲ ਦਾ ਜਾਇਜ਼ਾ ਲੈਣ ਲਈ ਇੱਥੇ ਪੁੱਜੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ਼ਤਿਹਾਰਬਾਜ਼ੀ ਅਤੇ ਵੱਡੇ-ਵੱਡੇ ਸਰਕਾਰੀ ਪ੍ਰੋਗਰਾਮਾਂ ’ਤੇ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ, ਪਰ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਦੇ ਹੱਲ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸੜਕਾਂ ਅਤੇ ਵਿਕਾਸ ਸੰਬੰਧੀ ਕੀਤੇ ਜਾ ਰਹੇ ਦਾਅਵਿਆਂ ਦੇ ਉਲਟ ਇਸ ਪੁਲ ਦੀ ਮੌਜੂਦਾ ਹਾਲਤ ਜ਼ਮੀਨੀ ਸਥਿਤੀ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਪੁਲ ਦੀ ਮੁਰੰਮਤ ਕਰਨ ਦੀ ਬਜਾਏ ਲੋਕ ਨਿਰਮਾਣ ਵਿਭਾਗ ਵਲੋਂ ਵੱਡੇ-ਵੱਡੇ ਗਾਰਡਰ ਲਗਾ ਕੇ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਟਰੱਕ ਆਪ੍ਰੇਟਰਾਂ, ਬੱਸਾਂ ’ਤੇ ਆਉਣ ਜਾਣ ਵਾਲੀਆਂ ਸਵਾਰੀਆਂ, ਸਕੂਲੀ ਬੱਚਿਆਂ ਅਤੇ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਤੋਂ ਇਲਾਵਾ ਖੰਨਾ ਤੋਂ ਨਵਾਂਸ਼ਹਿਰ ਤੱਕ ਦੇ ਹਜ਼ਾਰਾਂ ਦੁਕਾਨਦਾਰ ਵੀ ਇਸ ਰਸਤੇ ਦੇ ਬੰਦ ਹੋਣ ਕਾਰਨ ਪ੍ਰਭਾਵਿਤ ਹੋ ਰਹੇ ਹਨ।
ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਜੇਕਰ ਲੋਕ ਨਿਰਮਾਣ ਵਿਭਾਗ ਕੋਲ ਪੁਲ ਦੀ ਮੁਰੰਮਤ ਲਈ ਫ਼ੰਡਾਂ ਦੀ ਘਾਟ ਹੈ ਤਾਂ ਉਹ ਆਪਣੇ ਅਖ਼ਤਿਆਰੀ ਕੋਟੇ ਜਾਂ ਕੇਂਦਰ ਸਰਕਾਰ ਦੇ ਫ਼ੰਡਾਂ ਰਾਹੀਂ ਇਸ ਪੁਲ ਦੀ ਮੁਰੰਮਤ ਕਰਵਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਹ ਹਰ ਸੰਭਵ ਯਤਨ ਕਰਨਗੇ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਂਪ ਆਫਿਸ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਨਾਲ ਸੰਬੰਧਿਤ ਸੀ.ਬੀ.ਆਈ. ਦੀ ਕਾਰਵਾਈ ਬਾਰੇ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਹ ਕਾਰਵਾਈ ਪੰਜਾਬ ਵਿਚ ਭ੍ਰਿਸ਼ਟਾਚਾਰ ਦੇ ਮਾਮਲੇ ਸੰਬੰਧੀ ਮਾਣਯੋਗ ਹਾਈਕੋਰਟ ਦੇ ਆਦੇਸ਼ਾਂ ਤਹਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਸਿਆਸਤ ਕਰਨ ਦੀ ਬਜਾਏ ਸਰਕਾਰ ਨੂੰ ਜਾਂਚ ਏਜੰਸੀ ਨਾਲ ਸਹਿਯੋਗ ਕਰਨਾ ਚਾਹੀਦਾ ਹੈ। 

ਪਿਛਲੀ ਖ਼ਬਰ ਸੰਸਥਾ ਦੇ ਕੰਮ ਵਿਚ ਅੜਿੱਕਾ ਪਾ ਰਹੇ ਮੈਂਬਰ ਸਾਹਿਬਾਨ ’ਤੇ ਸੰਗਤ ਬਣਾਏ ਦਬਾਅ - ਜਥੇਦਾਰ ਜਗਦੀਸ਼ ਸਿੰਘ ਝੀਂਡਾ ਅਗਲੀ ਖ਼ਬਰ ਸਾਨੂੰ ਗਿਆਨੇਸ਼ ਕੁਮਾਰ ਦੇ ਦਫ਼ਤਰ ਜਾਣ ਦਿੱਤਾ ਜਾਵੇ - ਗੁਰਜੀਤ ਸਿੰਘ ਔਜਲਾ