ਡੀ. ਐੱਸ. ਪੀ. ਸਮੇਤ ਤਿੰਨ ਸੁਰੱਖਿਆ ਕਰਮਚਾਰੀ ਤੇ 11 ਅੱਤਵਾਦੀ ਹਲਾਕ
ਸੁਰਿੰਦਰ ਕੋਛੜ
ਅੰਮਿ੍ਤਸਰ, 23 ਅਕਤੂਬਰ-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ 'ਚ ਵੱਖ-ਵੱਖ ਵਿਦਰੋਹੀ ਸਮੂਹਾਂ ਵਲੋਂ ਫ਼ੌਜ ਖ਼ਿਲਾਫ਼ ਬਗ਼ਾਵਤ ਤੇਜ਼ ਕਰ ਦਿੱਤੀ ਗਈ ਹੈ | ਸੂਬੇ ਦੇ ਮੰਗੂਚਰ ਤੇ ਕਲਾਤ 'ਚ ਭੜਕੀ ਹਿੰਸਾ ਦੌਰਾਨ ਬੀਤੀ ਰਾਤ ਕੋਇਟਾ-ਕਰਾਚੀ ਹਾਈਵੇਅ 'ਤੇ ਪਾਕਿਸਤਾਨੀ ਫ਼ੌਜ ਤੇ ਹਥਿਆਰਬੰਦ ਅੱਤਵਾਦੀਆਂ ਵਿਚਕਾਰ ਭਿਆਨਕ ਝੜਪਾਂ ਹੋਈਆਂ | ਡਰੋਨ ਬੰਬਾਰੀ ਤੇ ਗੋਲੀਬਾਰੀ ਨੇ ਖੇਤਰ ਨੂੰ ਜੰਗ ਦੇ ਮੈਦਾਨ 'ਚ ਬਦਲ ਦਿੱਤਾ | ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਹਮਲੇ 'ਚ ਪਾਕਿਸਤਾਨੀ ਫ਼ੌਜ ਨੂੰ ਭਾਰੀ ਜਾਨੀ ਨੁਕਸਾਨ ਹੋਇਆ | ਹਾਲਾਂਕਿ, ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਆਈ. ਐੱਸ. ਪੀ. ਆਰ. ਨੇ ਇਸ ਘਟਨਾ ਦੀ ਰਿਪੋਰਟ ਜਨਤਕ ਨਹੀਂ ਕੀਤੀ ਹੈ | ਇਸ ਤੋਂ ਇਲਾਵਾ ਵਜ਼ੀਰਸਤਾਨ ਕਬਾਇਲੀ ਜ਼ਿਲ੍ਹੇ ਦੀ ਮਿਰਾਲੀ ਤਹਿਸੀਲ 'ਚ ਅਣਪਛਾਤੇ ਬੰਦੂਕਧਾਰੀਆਂ ਵਲੋਂ ਆਪੀ ਪਿੰਡ ਦੇ ਨੇੜੇ ਜਿੱਥੇ 6 ਕੈਦੀਆਂ ਨੂੰ ਲੈ ਕੇ ਜਾ ਰਹੀ ਇਕ ਕਾਰ 'ਤੇ ਅਣਪਛਾਤੇ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਤੇ ਸਾਰੇ ਕੈਦੀਆਂ ਦੀ ਮੌਤ ਹੋ ਗਈ | ਇਸ ਘਟਨਾ ਤੋਂ ਬਾਅਦ ਹਮਲਾਵਰਾਂ ਨੇ ਗੱਡੀ 'ਤੇ ਪੈਟਰੋਲ ਛਿੜਕਿਆ ਤੇ ਅੱਗ ਲਗਾ ਦਿੱਤੀ, ਜਿਸ ਨਾਲ ਲਾਸ਼ਾਂ ਬੁਰੀ ਤਰ੍ਹਾਂ ਸੜ ਗਈਆਂ | ਜ਼ਿਲ੍ਹਾ ਪੁਲਿਸ ਅਧਿਕਾਰੀ ਵੱਕਾਰ ਅਹਿਮਦ ਨੇ ਘਟਨਾ ਦੀ ਪੁਸ਼ਟੀ ਕੀਤੀ | ਉਕਤ ਤੋਂ ਇਲਾਵਾ ਪਿਛਲੇ 24 ਘੰਟਿਆਂ ਦੌਰਾਨ ਬਲੋਚਿਸਤਾਨ 'ਚ ਵੱਖ-ਵੱਖ ਘਟਨਾਵਾਂ ਵਿਚ ਇਕ ਡੀ. ਐੱਸ. ਪੀ. ਸਮੇਤ ਤਿੰਨ ਸੁਰੱਖਿਆ ਕਰਮਚਾਰੀ ਅਤੇ 11 ਅੱਤਵਾਦੀ ਮਾਰੇ ਗਏ | ਪੁਲਿਸ ਨੇ ਕਿਹਾ ਕਿ ਨੋਸ਼ਕੀ ਸ਼ਹਿਰ 'ਚ ਗਸ਼ਤ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਦੋ ਪੁਲਿਸ ਮੁਲਾਜ਼ਮਾਂ ਨੂੰ ਗੋਲੀ ਮਾਰ ਦਿੱਤੀ ਤੇ ਮੌਕੇ ਤੋਂ ਭੱਜ ਗਏ | ਇਕ ਹੋਰ ਘਟਨਾ 'ਚ ਕੇਚ ਖੇਤਰ ਵਿਚ ਇਕ ਬਾਰੂਦੀ ਸੁਰੰਗ ਫਟਣ ਨਾਲ ਡੀ. ਐੱਸ. ਪੀ. ਯੂਸਫ਼ ਰੇਕੀ ਦੀ ਮੌਤ ਹੋ ਗਈ | ਸੁਰੱਖਿਆ ਬਲਾਂ ਨੇ ਚਗਾਈ ਤੇ ਸਿਬੀ ਜ਼ਿਲਿ੍ਹਆਂ 'ਚ ਖ਼ੁਫ਼ੀਆ ਜਾਣਕਾਰੀ ਆਧਾਰਿਤ ਕਾਰਵਾਈਆਂ 'ਚ 11 ਅੱਤਵਾਦੀਆਂ ਨੂੰ ਮਾਰ ਦਿੱਤਾ | ਅਧਿਕਾਰੀਆਂ ਨੇ ਕਿਹਾ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਚਗਾਈ ਦੇ ਦਲਬੰਦੀਨ 'ਚ ਪਹਾੜੀ ਖੇਤਰ ਨੂੰ ਘੇਰ ਲਿਆ | ਪੁਲਿਸ ਤੇ ਸ਼ੱਕੀਆਂ 'ਚ ਲਗਭਗ ਇਕ ਘੰਟੇ ਤੱਕ ਭਿਆਨਕ ਗੋਲੀਬਾਰੀ ਹੋਈ, ਜਿਸ ਦੇ ਨਤੀਜੇ ਵਜੋਂ 6 ਅੱਤਵਾਦੀ ਮਾਰੇ ਗਏ | ਸਿਬੀ 'ਚ ਅੱਤਵਾਦ ਵਿਰੋਧੀ ਦਸਤੇ ਨੇ ਇਕ ਕੰਪਲੈਕਸ 'ਤੇ ਛਾਪਾ ਮਾਰਿਆ ਜਿੱਥੇ ਪਾਬੰਦੀਸ਼ੁਦਾ ਸੰਗਠਨ ਦੇ ਮੈਂਬਰ ਲੁਕੇ ਹੋਏ ਸਨ | ਇਸ ਦੌਰਾਨ ਹੋਈ ਭਾਰੀ ਗੋਲੀਬਾਰੀ 'ਚ 5 ਅੱਤਵਾਦੀ ਮਾਰੇ ਗਏ ਤੇ ਤਿੰਨ ਹੋਰਾਂ ਨੂੰ ਗਿ੍ਫ਼ਤਾਰ ਕੀਤਾ ਗਿਆ | ਦੋਵਾਂ ਥਾਵਾਂ ਤੋਂ ਵੱਡੀ ਮਾਤਰਾ 'ਚ ਹਥਿਆਰ, ਗੋਲਾ ਬਾਰੂਦ ਤੇ ਸੰਚਾਰ ਉਪਕਰਨ ਜ਼ਬਤ ਕੀਤੇ ਗਏ ਹਨ |
ਬਲੋਚਿਸਤਾਨ 'ਚ ਭੜਕੀ ਬਗ਼ਾਵਤ
ਗੋਲੀਬਾਰੀ ਤੋਂ ਬਾਅਦ ਅੱਗ ਲਗਾ ਕੇ ਸਾੜਿਆ ਗਿਆ ਵਾਹਨ | ਤਸਵੀਰ ਰਾਹੀਂ : ਸੁਰਿੰਦਰ ਕੋਛੜ <br/>
24-10-2025