ਨਵੀਂ ਦਿੱਲੀ, 23 ਅਕਤੂਬਰ (ਏਜੰਸੀ)-ਸਰਕਾਰ ਨੇ ਭਾਰਤ ਦੇ ਅਗਲੇ ਚੀਫ਼ ਜਸਟਿਸ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ | ਦੇਸ਼ ਦੇ ਮੌਜੂਦਾ ਚੀਫ਼ ਜਸਟਿਸ ਬੀ.ਆਰ. ਗਵਈ 23 ਨਵੰਬਰ ਨੂੰ ਅਹੁਦਾ ਛੱਡ ਰਹੇ ਹਨ | ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਤੋਂ ਜਾਣੂ ਸੂਤਰਾਂ ਨੇ ਦੱਸਿਆ ਕਿ ਜਸਟਿਸ ਗਵਈ ਨੂੰ ਉਨ੍ਹਾਂ ਦੇ ਉੱਤਰਾਧਿਕਾਰੀ ਦਾ ਨਾਂਅ ਦੇਣ ਲਈ ਲਿਖਿਆ ਗਿਆ ਪੱਤਰ ਅੱਜ ਸ਼ਾਮ ਜਾਂ ਸ਼ੁੱਕਰਵਾਰ ਨੂੰ ਦਿੱਤਾ ਜਾਣਾ ਤੈਅ ਹੈ | ਕੇਂਦਰੀ ਕਾਨੂੰਨ ਮੰਤਰੀ ਮੌਜੂਦਾ ਚੀਫ਼ ਜਸਟਿਸ ਤੋਂ ਆਪਣੇ ਉਤਰਾਧਿਕਾਰੀ ਲਈ ਸਿਫ਼ਾਰਿਸ਼ ਹਾਸਿਲ ਕਰਨਗੇ | ਜਸਟਿਸ ਸੂਰਿਆਕਾਂਤ ਸਭ ਤੋਂ ਸੀਨੀਅਰ ਹਨ ਤੇ ਚੀਫ਼ ਜਸਟਿਸ ਬਣਨ ਦੀ ਕਤਾਰ 'ਚ ਮੋਹਰੀ ਸਥਾਨ 'ਤੇ ਹਨ | ਨਿਯੁਕਤ ਹੋਣ ਤੋਂ ਬਾਅਦ ਉਹ 24 ਨਵੰਬਰ ਨੂੰ ਅਗਲੇ ਚੀਫ਼ ਜਸਟਿਸ ਹੋਣਗੇ ਅਤੇ 9 ਫਰਵਰੀ 2027 ਤੱਕ ਇਸ ਅਹੁਦੇ 'ਤੇ ਬਣੇ ਰਹਿਣਗੇ |