ਨਵੀਂ ਦਿੱਲੀ, 24 ਨਵੰਬਰ (ਜਗਤਾਰ ਸਿੰਘ)- ਜਸਟਿਸ ਸੂਰਿਆ ਕਾਂਤ ਨੇ ਸੋਮਵਾਰ ਨੂੰ ਭਾਰਤ ਦੇ 53ਵੇਂ ਚੀਫ਼ ਜਸਟਿਸ (ਸੀ.ਜੇ.ਆਈ.) ਵਜੋਂ ਸਹੁੰ ਚੁੱਕੀ¢ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਖੇ ਕਰਵਾਏ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਵਿਚ ਸਮਾਰੋਹ ਚੀਫ਼ ਜਸਟਿਸ ਸੂਰਿਆਕਾਂਤ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ | ਸਮਾਗਮ 'ਚ ਉਪ ਰਾਸ਼ਟਰਪਤੀ ਸੀ. ਪੀ. ਰਾਧਾਕਿ੍ਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਲੋਕ ਸਭਾ ਸਪੀਕਰ ਓਮ ਬਿਰਲਾ, ਭਾਜਪਾ ਪ੍ਰਧਾਨ ਜੇ.ਪੀ. ਨੱਢਾ, ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ, ਸੁਪਰੀਮ ਕੋਰਟ ਦੇ ਕਈ ਮੌਜੂਦਾ ਅਤੇ ਸਾਬਕਾ ਜੱਜਾਂ ਸਮੇਤ ਦੇਸ਼ ਦੇ ਚੋਟੀ ਦੇ ਸੰਵਿਧਾਨਕ ਅਧਿਕਾਰੀਆਂ ਸਮੇਤ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਹਸਤੀਆਂ ਨੇ ਵੀ ਸ਼ਿਰਕਤ ਕੀਤੀ | ਜਸਟਿਸ ਸੂਰਿਆ ਕਾਂਤ ਨੇ ਚੀਫ਼ ਜਸਟਿਸ ਬੀ.ਆਰ. ਗਵਈ ਦੀ ਥਾਂ ਲਈ ਹੈ ਜੋ ਹਾਲ ਹੀ 'ਚ ਸੇਵਾ ਮੁਕਤ ਹੋ ਗਏ | ਨਵੇਂ ਚੀਫ਼ ਜਸਟਿਸ ਸੂਰਿਆ ਕਾਂਤ ਦਾ ਕਾਰਜਕਾਲ 9 ਫਰਵਰੀ, 2027 (ਲਗਭਗ 14 ਮਹੀਨੇ ਤੋਂ ਜ਼ਿਆਦਾ) ਤੱਕ ਰਹੇਗਾ | ਜੋ ਕਿ ਸੁਪਰੀਮ ਕੋਰਟ ਦੇ ਪ੍ਰਸ਼ਾਸਨਿਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਇਸ ਦੇ ਨਿਆਇਕ ਏਜੰਡੇ ਨੂੰ ਆਕਾਰ ਦੇਣ ਲਈ ਇਕ ਮਹੱਤਵਪੂਰਨ ਸਮਾਂ ਮੰਨਿਆ ਜਾ ਰਿਹਾ ਹੈ | ਰਾਸ਼ਟਰਪਤੀ ਨੇ ਚੀਫ਼ ਜਸਟਿਸ ਗਵਈ ਦੀ ਸਿਫ਼ਾਰਸ਼ ਤੋਂ ਬਾਅਦ ਸੰਵਿਧਾਨ ਦੀ ਧਾਰਾ 124 ਦੇ ਕਲਾਜ਼ (2) ਦੁਆਰਾ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜਸਟਿਸ ਸੂਰਿਆ ਕਾਂਤ ਨੂੰ ਭਾਰਤ ਦਾ ਅਗਲਾ ਚੀਫ਼ ਜਸਟਿਸ ਨਿਯੁਕਤ ਕੀਤਾ | ਸੀ. ਜੇ. ਆਈ. ਸੂਰਿਆ ਕਾਂਤ ਦਾ ਜਨਮ 10 ਫਰਵਰੀ, 1962 ਨੂੰ ਹਰਿਆਣਾ ਦੇ ਇਕ ਮੱਧ ਵਰਗੀ ਪਰਿਵਾਰ 'ਚ ਹੋਇਆ ਸੀ | ਉਨ੍ਹਾਂ ਨੇ 1984 'ਚ ਹਿਸਾਰ ਤੋਂ ਆਪਣਾ ਕਾਨੂੰਨੀ ਕਰੀਅਰ ਸ਼ੁਰੂ ਕੀਤਾ ਤੇ ਫਿਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਪ੍ਰੈਕਟਿਸ ਕਰਨ ਲਈ ਚੰਡੀਗੜ੍ਹ ਚਲੇ ਗਏ |
ਜਸਟਿਸ ਸੂਰਿਆ ਕਾਂਤ ਬਣੇ 53ਵੇਂ ਚੀਫ਼ ਜਸਟਿਸ
ਅਜੀਤ ਡੈਸਕ
25-11-2025