ਹੁਸ਼ਿਆਰਪੁਰ, 17 ਜੂਨ (ਬਲਜਿੰਦਰਪਾਲ ਸਿੰਘ)-ਅੱਜ ਤੜਕਸਾਰ ਹੁਸ਼ਿਆਰਪੁਰ ਅਤੇ ਆਸ-ਪਾਸ ਦੇ ਇਲਾਕੇ 'ਚ ਪਏ ਭਾਰੀ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ, ਉੱਥੇ ਸ਼ਹਿਰ ਦੇ ਨੀਵੇਂ ਇਲਾਕਿਆਂ 'ਚ ਲੋਕਾਂ ਦੇ ਘਰਾਂ ਅਤੇ ਦੁਕਾਨਾਂ 'ਚ ਪਾਣੀ ਵੜ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਨਗਰ ਨਿਗਮ ਵਲੋਂ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੀ ਅੱਜ ਵੀ ਪਏ ਮੀਂਹ ਨੇ ਪੋਲ ਖੋਲ੍ਹ ਦਿੱਤੀ | ਸ਼ਹਿਰ 'ਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਯੋਗ ਪ੍ਰਬੰਧ ਨਾ ਹੋਣ ਕਾਰਨ ਪਾਣੀ ਸੜਕਾਂ 'ਚ ਭਰ ਗਿਆ ਅਤੇ ਫਿਰ ਲੋਕਾਂ ਦੇ ਘਰਾਂ 'ਚ ਦਾਖਲ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਆਪਣੇ ਘਰੋਂ 'ਚੋਂ ਪਾਣੀ ਕੱਢਣ ਲਈ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ | ਦੂਸਰੇ ਪਾਸੇ ਇਸ ਪਏ ਭਾਰੀ ਮੀਂਹ ਕਾਰਨ ਝੋਨੇ ਦੀ ਪੱਛੜ ਰਹੀ ਲੁਆਈ ਦੇ ਕੰਮ 'ਚ ਵੀ ਤੇਜ਼ੀ ਦੇਖੀ ਗਈ | ਹੁਸ਼ਿਆਰਪੁਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ 'ਚ ਅੱਜ ਝੋਨੇ ਦੀ ਲੁਆਈ ਜੰਗੀ ਪੱਧਰ 'ਤੇ ਜਾਰੀ ਸੀ | ਇਸ ਮੌਕੇ ਵੱਖ-ਵੱਖ ਕਿਸਾਨਾਂ ਦਾ ਕਹਿਣਾ ਸੀ ਕਿ ਪਹਿਲਾਂ ਪਈ ਅੱਤ ਦੀ ਗਰਮੀ ਦੇ ਚੱਲਦਿਆਂ ਝੋਨੇ ਦੀ ਲੁਆਈ ਲਈ ਮੋਟਰਾਂ ਦਾ ਪਾਣੀ ਵੀ ਪੂਰਾ ਨਹੀਂ ਹੋ ਰਿਹਾ ਸੀ, ਜਿਸ ਕਾਰਨ ਝੋਨੇ ਦੀ ਲੁਆਈ ਪੱਛੜ ਰਹੀ ਸੀ, ਪ੍ਰੰਤੂ ਹੁਣ ਲਗਾਤਾਰ 2 ਵਾਰ ਪਏ ਭਾਰੀ ਮੀਂਹ ਨਾਲ ਝੋਨੇ ਦੀ ਲੁਆਈ ਦਾ ਕੰਮ ਜ਼ੋਰ ਫੜ ਗਿਆ ਹੈ | ਇਸ ਦੇ ਨਾਲ ਹੀ ਇਹ ਮੀਂਹ ਹੋਰਨਾਂ ਮੌਸਮੀ ਫ਼ਸਲਾਂ, ਫਲਾਂ ਅਤੇ ਸਬਜ਼ੀਆਂ ਲਈ ਵੀ ਲਾਹੇਵੰਦ ਸਾਬਿਤ ਹੋਇਆ ਹੈ | ਖ਼ਾਸਕਰ ਅੰਬ ਦੀ ਪੈਦਾਵਾਰ 'ਤੇ ਵੀ ਇਸ ਦਾ ਵਧੀਆ ਅਸਰ ਪਵੇਗਾ |