ਹੁਸ਼ਿਆਰਪੁਰ, 17 ਜੂਨ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਐਲੀਮੈਂਟਰੀ ਟੀਚਰ ਯੂਨੀਅਨ, ਅਧਿਆਪਕ ਦਲ ਪੰਜਾਬ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀਆਂ ਜ਼ਿਲ੍ਹਾ ਇਕਾਈਆਂ ਵਲੋਂ ਸਾਂਝੇ ਤੌਰ 'ਤੇ ਇਕ ਮੁਹਿੰਮ ਚਲਾਈ ਗਈ, ਜਿਸ ਰਾਹੀਂ ਜ਼ਿਲ੍ਹਾ ਹੁਸ਼ਿਆਰਪੁਰ 'ਚ ਸਿੱਖਿਆ ਵਿਭਾਗ ਦੇ ਠੱਪ ਹੋ ਰਹੇ ਕੰਮ ਖ਼ਿਲਾਫ਼ ਸਰਕਾਰ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਗਈ | ਇਸ ਮੌਕੇ ਗੁਰਮੁਖ ਸਿੰਘ ਬਾਜਵਾ, ਸਰਬਜੀਤ ਸਿੰਘ ਕੰਗ ਅਤੇ ਦਵਿੰਦਰ ਸਿੰਘ ਟਾਂਡਾ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ 'ਚ ਸਿੱਖਿਆ ਵਿਭਾਗ ਦੇ ਅਹਿਮ ਅਹੁਦੇ ਲੰਬੇ ਸਮੇਂ ਤੋਂ ਖਾਲੀ ਪਏ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ), ਦੋ ਸੁਪਰਡੈਂਟ, 6 ਸੀਨੀਅਰ ਸਹਾਇਕ ਅਤੇ 4 ਜੂਨੀਅਰ ਸਹਾਇਕਾਂ ਦੀਆਂ ਪੋਸਟਾਂ ਖਾਲੀ ਹਨ, ਜਿਸ ਕਾਰਨ ਦਫ਼ਤਰੀ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ | ਆਗੂਆਂ ਵਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਇਨ੍ਹਾਂ ਖਾਲੀ ਅਹੁਦਿਆਂ ਨੂੰ ਤੁਰੰਤ ਭਰਿਆ ਜਾਵੇ ਅਤੇ ਨਾਲ ਹੀ ਸਰਕਾਰ ਵਲੋਂ ਕੱਢੇ ਗਏ 29 ਹੈੱਡਮਾਸਟਰਾਂ ਨੂੰ ਵੀ ਤੁਰੰਤ ਬਹਾਲ ਕਰਨ ਆਦਿ ਮੰਗਾਂ ਨੂੰ ਹੱਲ ਕਰਨ ਦੀ ਮੰਗ ਕੀਤੀ ਗਈ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਈ.ਟੀ.ਯੂ. ਪੰਜਾਬ ਹਰਜਿੰਦਰ ਸਿੰਘ, ਸਰਬਜੀਤ ਸਿੰਘ ਕੰਗ, ਉਂਕਾਰ ਸਿੰਘ ਸੂਸ, ਜਗਤਜੀਤ ਸਿੰਘ, ਮਨਜਿੰਦਰ ਸਿੰਘ, ਮਨਜੀਤ ਸਿੰਘ ਬੋਬੀ, ਗੁਰਦੀਪ ਸਿੰਘ ਰਾਜਾ, ਬਲਜੀਤ ਸਿੰਘ, ਮਨਜੀਤ ਸਿੰਘ ਕਠਾਣਾ ਅਤੇ ਗੁਰਦੀਪ ਸਿੰਘ ਖੁਣ ਖੁਣ ਕਲਾਂ ਆਦਿ ਹਾਜ਼ਰ ਸਨ |