ਬੀਣੇਵਾਲ (ਹੁਸ਼ਿਆਰਪੁਰ), 18 ਜੂਨ (ਬੈਜ ਚੌਧਰੀ)-ਬਹੁਜਨ ਸਮਾਜ ਪਾਰਟੀ ਵਲੋਂ 15 ਮਾਰਚ ਤੋਂ ਸ਼ੁਰੂ ਕੀਤੀ ਗਈ 'ਪੰਜਾਬ ਬਚਾਓ ਮੁਹਿੰਮ' ਅਧੀਨ ਚਰਨਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬਸਪਾ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਪਾਰਟੀ ਵਰਕਰਾਂ ਨੂੰ ਮੁਹਿੰਮ 'ਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਤਾਂ ਜੋ ਪੰਜਾਬ 'ਚੋਂ ਅਰਾਜਕਤਾ ਖ਼ਤਮ ਕਰਕੇ ਸਾਫ਼ ਸੁਥਰਾ ਪ੍ਰਸ਼ਾਸਨ ਦਿੱਤਾ ਜਾ ਸਕੇ | ਇਸ ਤੋਂ ਪਹਿਲਾ 'ਅਜੀਤ' ਨਾਲ ਗੱਲਬਾਤ ਕਰਦਿਆਂ ਬਸਪਾ ਸੂਬਾ ਪ੍ਰਧਾਨ ਨੇ ਕਿਹਾ ਪੰਜਾਬ ਵਿਚ ਅਮਨ-ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ | ਥਾਂ-ਥਾਂ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੇ ਬੁੱਤਾਂ ਦੀ ਭੰਨ੍ਹ-ਤੋੜ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਲਈ ਉਨ੍ਹਾਂ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ | ਕਰੀਮਪੁਰੀ ਨੇ ਕਿਹਾ ਕਿ ਜਿਸ ਦਿਨ ਫਿਲੌਰ ਨੇੜੇ ਬੁੱਤ ਦੀ ਭੰਨ੍ਹ-ਤੋੜ ਕੀਤੀ ਗਈ ਤਾਂ ਫੜ੍ਹੇ ਗਏ ਦੋਸ਼ੀਆਂ ਨੇ ਮੰਨਿਆ ਕਿ ਅਗਲਾ ਨਿਸ਼ਾਨਾ ਨੂਰਪੁਰ ਜੱਟਾਂ ਹੈ, ਭਾਵ ਪੁਲਿਸ ਕੋਲ ਇਨਪੁੱਟ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ | ਬਸਪਾ ਪ੍ਰਧਾਨ ਨੇ ਭਾਜਪਾ, ਅਕਾਲੀ ਦਲ, 'ਆਪ' ਅਤੇ ਕਾਂਗਰਸ ਤੇ ਪੰਜਾਬ ਦੀ ਨੌਜਵਾਨੀ ਦਾ ਨਸ਼ੇ ਨਾਲ ਘਾਣ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਦੀ ਬਦੌਲਤ ਦੋ ਲੱਖ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਚੁੱਕੇ ਹਨ | ਉਨ੍ਹਾਂ ਕਿਹਾ ਕਿ ਜਦੋਂ ਤੱਕ ਲੋਕ ਵਿਰੋਧੀ ਪਾਰਟੀਆਂ ਦਾ ਪੰਜਾਬ ਤੋਂ ਖ਼ਾਤਮਾ ਨਹੀਂ ਹੁੰਦਾ ਬਸਪਾ ਸੰਘਰਸ਼ ਜਾਰੀ ਰੱਖੇਗੀ | ਇਸ ਮੌਕੇ ਉਨ੍ਹਾਂ ਨਾਲ ਬਲਵਿੰਦਰ ਕੁਮਾਰ ਜਨ ਸਕੱਤਰ ਬਸਪਾ ਪੰਜਾਬ, ਜਸਪਾਲ ਚੇਚੀ ਵੀ ਹਾਜ਼ਰ ਸਨ |