ਗੜ੍ਹਦੀਵਾਲਾ, 18 ਜੂਨ (ਚੱਗਰ)-ਪੁਲਿਸ ਵਲੋਂ ਐਨ. ਡੀ. ਪੀ. ਐਸ. 'ਚ ਲੋੜੀਂਦੇ ਇੱਕ ਨੌਜਵਾਨ ਨੂੰ ਗਿ੍ਫਤਾਰ ਕਰਨ ਦੇ ਵਿਰੋਧ 'ਚ ਨੌਜਵਾਨ ਦੇ ਪਰਿਵਾਰ ਵਲੋਂ ਬੀਤੀ ਦੇਰ ਰਾਤ ਲਗਪਗ 10 ਵਜੇ ਦੇ ਕਰੀਬ ਗੜ੍ਹਦੀਵਾਲਾ ਮੇਨ ਸੜਕ 'ਤੇ ਬੱਸ ਸਟੈਂਡ ਦੇ ਨਜ਼ਦੀਕ ਪੁਲੀ 'ਤੇ ਜਾਮ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ ਗਈ | ਗਿ੍ਫ਼ਤਾਰ ਕੀਤੇ ਗਏ ਨੌਜਵਾਨ ਕਰਨ ਕੁਮਾਰ ਪੁੱਤਰ ਟੋਨੀ ਨਿਵਾਸੀ ਗੜ੍ਹਦੀਵਾਲਾ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਲੜਕੇ ਨੂੰ ਪੁਲਿਸ ਵਲੋਂ ਨਾਜਾਇਜ਼ ਗਿ੍ਫਤਾਰ ਕੀਤਾ ਗਿਆ ਹੈ | ਜਿਸ ਕਾਰਨ ਉਨ੍ਹਾਂ ਨੂੰ ਜਾਮ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ | ਸੂਚਨਾ ਮਿਲਦਿਆਂ ਹੀ ਐਸ. ਐਚ. ਓ. ਸਤਪਾਲ ਸਿੰਘ ਬਾਜਵਾ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਜਿਨ੍ਹਾਂ ਨੇ ਆਵਾਜਾਈ ਨੂੰ ਖੁਲ੍ਹਵਾਉਣ ਦੀ ਕੋਸ਼ਿਸ਼ ਕੀਤੀ, ਪਰ ਸੜਕ 'ਤੇ ਬੈਠੇ ਲੋਕ ਨੌਜਵਾਨ ਨੂੰ ਛੱਡਣ ਦੀ ਮੰਗ ਕਰ ਰਹੇ ਸਨ | ਇਸ ਦੌਰਾਨ ਪਿੁਲਸ ਨੂੰ ਆਵਾਜਾਈ ਖੁਲਵਾਉਣ ਵਾਸਤੇ ਆਪਣੇ ਬਲ ਦਾ ਇਸਤੇਮਾਲ ਕਰਨਾ ਪਿਆ ਅਤੇ ਪੁਲਿਸ ਨੇ ਸੜਕ 'ਤੇ ਬੈਠੇ ਲੋਕਾਂ ਨੂੰ ਖਦੇੜਦਿਆਂ ਆਵਾਜਾਈ ਨੂੰ ਬਹਾਲ ਕਰਵਾਇਆ | ਦੂਜੇ ਪਾਸੇ ਇਸ ਸਬੰਧੀ ਜਦੋਂ ਐਸ. ਐਚ. ਓ. ਸਤਪਾਲ ਸਿੰਘ ਬਾਜਵਾ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਰੰਭ ਕੀਤੀ ਗਈ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਦੇ ਤਹਿਤ ਉਕਤ ਨੌਜਵਾਨ ਕਰਨ ਕੁਮਾਰ ਪੁੱਤਰ ਟੋਨੀ ਨਿਵਾਸੀ ਗੜ੍ਹਦੀਵਾਲਾ ਮੁਕੱਦਮਾ ਨੰਬਰ-59 ਮਿਤਿ 15.6.2025 ਅ:ਧ 22/29-61-85 ਐਨ. ਡੀ. ਪੀ. ਐਸ. ਐਕਟ ਵਿੱਚ ਲੋੜੀਂਦਾ ਸੀ | ਜਿਸ ਤਹਿਤ ਉਸ ਨੂੰ ਗਿ੍ਫਤਾਰ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਗਿ੍ਫਤਾਰ ਕੀਤੇ ਗਏ ਦੋਸ਼ੀ ਦੇ ਪਰਿਵਾਰ ਵਲੋਂ ਜਾਮ ਲਗਾਉਣ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਤੋਂ ਜਾਮ ਲਗਾਉਣ ਵਾਲਿਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਦੇ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਜਾਵੇਗਾ |
ਨੌਜਵਾਨ ਦੀ ਗਿ੍ਫਤਾਰੀ ਦੇ ਵਿਰੋਧ 'ਚ ਪਰਿਵਾਰ ਨੇ ਸੜਕ 'ਤੇ ਲਗਾਇਆ ਜਾਮ
ਅਜੀਤ ਡੈਸਕ
19-06-2025