31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਹੁਸ਼ਿਆਰਪੁਰ ਦੇ ਮਾਲ ਰੋਡ 'ਤੇ ਅਧੂਰੇ ਛੱਡੇ ਕੰਮ ਕਾਰਨ ਦੁਕਾਨਦਾਰ ਤੇ ਰਾਹਗੀਰ ਪ੍ਰੇਸ਼ਾਨ

ਅਜੀਤ ਡੈਸਕ 19-06-2025

ਹੁਸ਼ਿਆਰਪੁਰ, 18 ਜੂਨ (ਬਲਜਿੰਦਰਪਾਲ ਸਿੰਘ)-ਪਿਛਲੇ ਕਰੀਬ 3 ਮਹੀਨਿਆਂ ਤੋਂ ਮਾਲ ਰੋਡ 'ਤੇ ਪਾਈਪ-ਲਾਈਨ ਪਾਉਣ ਨੂੰ ਲੈ ਕੇ ਕੀਤੀ ਪੁਟਾਈ ਉਪਰੰਤ ਕੰਮ ਅਧੂਰਾ ਛੱਡ ਦਿੱਤੇ ਜਾਣ ਕਾਰਨ ਜਿੱਥੇ ਦੁਕਾਨਦਾਰਾਂ ਦਾ ਆਰਥਿਕ ਤੌਰ 'ਤੇ ਭਾਰੀ ਨੁਕਸਾਨ ਹੋ ਰਿਹਾ ਹੈ, ਉੱਥੇ ਰਾਹਗੀਰਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪ੍ਰੰਤੂ ਨਗਰ ਨਿਗਮ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕ ਰਹੀ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਦੱਸਿਆ ਕਿ ਬੇਸ਼ੱਕ ਵਿਕਾਸ ਦੇ ਨਾਂਅ 'ਤੇ ਸ਼ਹਿਰ ਦੇ ਮਾਲ ਰੋਡ 'ਤੇ ਸੜਕ 'ਤੇ ਪਾਈਪ ਲਾਈਨ ਪਾਉਣ ਲਈ ਪੁਟਾਈ ਕੀਤੀ ਗਈ ਸੀ, ਪ੍ਰੰਤੂ ਪਿਛਲੇ 3 ਮਹੀਨਿਆਂ ਤੋਂ ਇਹ ਕੰਮ ਅਧੂਰਾ ਛੱਡ ਦਿੱਤੇ ਜਾਣ ਕਾਰਨ ਦੁਕਾਨਦਾਰਾਂ ਅਤੇ ਰਾਹਗੀਰਾਂ ਦਾ ਉੱਥੋਂ ਲੰਘਣਾ ਔਖਾ ਹੋਇਆ ਪਿਆ ਹੈ | ਉਨ੍ਹਾਂ ਸੜਕ ਦੇ ਨਾਲ ਲੱਗਦੇ ਵਾਰਡ ਨੰਬਰ 36 (ਗਲੀ ਨੰਬਰ-3 ਦੀ ਅਤਿ-ਖਸਤਾ ਹਾਲਤ ਵੱਲ ਨਗਰ ਨਿਗਮ ਅਤੇ ਸ਼ਹਿਰੀ ਵਿਧਾਇਕ ਤੇ ਮੇਅਰ ਵਲੋਂ ਧਿਆਨ ਨਾ ਦੇਣ 'ਤੇ ਨਿੰਦਾ ਕਰਦਿਆਂ ਕਿਹਾ ਕਿ ਨਗਰ ਨਿਗਮ ਦੇ ਕੰਮ ਕਰਨ ਦੇ ਸਾਰੇ ਤਰੀਕੇ ਗਲਤ ਸਿੱਧ ਹੋ ਰਹੇ ਹਨ | ਧੀਮਾਨ ਨੇ ਦੱਸਿਆ ਕਿ ਠੇਕੇਦਾਰ ਨੇ ਕੰਮ ਕਰਦਿਆਂ ਅੱਧੀ ਸੜਕ ਪੁੱਟ ਕੇ ਸਾਰੇ ਕੰਮ ਨੂੰ ਅਧੂਰਾ ਛੱਡ ਦਿੱਤਾ ਹੈ ਤੇ ਦੁਕਾਨਾਂ ਮੋਹਰਿਓਾ ਸੜਕ 'ਚ ਪਏ ਟੋਏ, ਖਿੱਲਰੀ ਮਿੱਟੀ ਅਤੇ ਟੋਇਆਂ 'ਚ ਖੜ੍ਹੇ ਬਦਬੂ ਮਾਰਦੇ ਪਾਣੀ ਨੇ ਇਕ ਤਾਂ ਦੁਕਾਨਦਾਰਾਂ ਦਾ ਭਾਰੀ ਆਰਥਿਕ ਨੁਕਸਾਨ ਕੀਤਾ ਹੈ ਤੇ ਦੂਸਰਾ ਉਨ੍ਹਾਂ ਦੁਕਾਨਦਾਰਾਂ ਦੇ ਗਾਹਕਾਂ 'ਤੇ ਵੀ ਬੁਰਾ ਅਸਰ ਪਿਆ ਹੈ | ਉਨ੍ਹਾਂ ਦੱਸਿਆ ਕਿ ਇਸ ਸੜਕ ਤੇ ਸਾਰੀ ਟ੍ਰੈਫ਼ਿਕ ਵਿਵਸਥਾ ਅਸਥਿਰ ਹੋਈ ਪਈ ਹੈ ਤੇ ਆਮ ਲੋਕਾਂ ਦਾ ਲੰਘਣਾ ਬਹੁਤ ਹੀ ਮੁਸ਼ਕਿਲ ਹੋ ਰਿਹਾ ਹੈ | ਧੀਮਾਨ ਨੇ ਦੱਸਿਆ ਕਿ ਆਮ ਲੋਕ ਅਤੇ ਆਸ-ਪਾਸ ਘਰਾਂ ਵਾਲੇ ਨਗਰ ਨਿਗਮ ਦੀ ਘਟੀਆ ਕਾਰਗੁਜ਼ਾਰੀ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ | ਉਨ੍ਹਾਂ ਕਿਹਾ ਕਿ ਜਦੋਂ ਹਰ ਕੰਮ ਕਰਨ ਦੀਆਂ ਨਵੀਆਂ-ਨਵੀਆਂ ਤਕਨੀਕਾਂ ਆ ਚੁੱਕੀਆਂ ਹਨ, ਪਰ ਸਰਕਾਰ ਉਨ੍ਹਾਂ ਉਪਕਰਨਾਂ ਦੀ ਵਰਤੋਂ ਹੀ ਨਹੀਂ ਕਰਨਾ ਚਾਹੁੰਦੀ ਤੇ ਉਸ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ | ਧੀਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਗਰ ਨਿਗਮ ਦੀਆਂ ਬੇਨਿਯਮੀਆਂ ਦੇ ਵਿਰੁੱਧ ਡਟ ਕੇ ਲਾਮਬੰਦੀ ਕੀਤੀ ਜਾਵੇ |

ਪਿਛਲੀ ਖ਼ਬਰ ਨੌਜਵਾਨ ਦੀ ਗਿ੍ਫਤਾਰੀ ਦੇ ਵਿਰੋਧ 'ਚ ਪਰਿਵਾਰ ਨੇ ਸੜਕ 'ਤੇ ਲਗਾਇਆ ਜਾਮ ਅਗਲੀ ਖ਼ਬਰ ਦਾਜ ਖ਼ਾਤਰ ਤੰਗ-ਪ੍ਰੇਸ਼ਾਨ ਕਰਨ ਵਾਲੇ ਪਤੀ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।