ਮਿਆਣੀ, 18 ਜੂਨ (ਹਰਜਿੰਦਰ ਸਿੰਘ ਮੁਲਤਾਨੀ)-ਪਿੰਡ ਅਵਾਨ ਘੋੜੇ ਸ਼ਾਹ ਨਾਲ ਸੰਬੰਧਿਤ ਇਕ ਵਿਆਹੁਤਾ ਔਰਤ ਨੂੰ ਦਾਜ ਦੀ ਖ਼ਾਤਰ ਕੁੱਟਮਾਰ ਕਰਕੇ ਘਰੋਂ ਕੱਢਣ ਦੇ ਦੋਸ਼ ਅਧੀਨ ਟਾਂਡਾ ਪੁਲਿਸ ਨੇ ਉਸ ਦੇ ਪਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੇ ਇਹ ਮਾਮਲਾ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ ਗਈ ਦਰਖਾਸਤ ਦੌਰਾਨ ਜਾਂਚ ਪੜਤਾਲ ਉਪਰੰਤ ਕੀਤਾ ਹੈ | ਜ਼ਿਲ੍ਹਾ ਪੁਲਿਸ ਨੂੰ ਦਿੱਤੀ ਗਈ ਦਰਖਾਸਤ ਵਿਚ ਪੀੜਤ ਸਿਮਰਨਜੀਤ ਕੌਰ ਪੁੱਤਰੀ ਮਨਜੀਤ ਸਿੰਘ ਵਾਸੀ ਪਿੰਡ ਅਵਾਨ ਘੋੜੇ ਸ਼ਾਹ ਨੇ ਦੱਸਿਆ ਕਿ ਉਸ ਦਾ ਵਿਆਹ ਬੀਤੀ 10 ਦਸੰਬਰ 2021 ਨੂੰ ਹੋਇਆ ਸੀ ਅਤੇ ਵਿਆਹ ਸਮੇਂ ਉਸ ਦੇ ਮਾਪਿਆਂ ਨੇ ਆਪਣੀ ਹੈਸੀਅਤ ਮੁਤਾਬਿਕ ਦਾਜ ਵੀ ਦਿੱਤਾ ਸੀ | ਵਿਆਹ ਤੋਂ ਕੁੱਝ ਸਮੇਂ ਬਾਅਦ ਹੀ ਹੋਰ ਦਾਜ ਮੰਗ ਕਰਦੇ ਹੋਏ ਉਸ ਦੇ ਸਹੁਰਾ ਪਰਿਵਾਰ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ 8 ਜਨਵਰੀ ਨੂੰ ਉਸ ਦੇ ਸਹੁਰਾ ਪਰਿਵਾਰ ਨੇ ਕੁੱਟਮਾਰ ਕਰਦੇ ਹੋਏ ਉਸ ਨੂੰ ਘਰੋਂ ਕੱਢ ਦਿੱਤਾ | ਟਾਂਡਾ ਪੁਲਿਸ ਨੇ ਹੁਣ ਉਸ ਦੇ ਪਤੀ ਅੰਮਿ੍ਤਪਾਲ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਰੂਮ ਨੰਬਰ 330 ਸਰਦਾਰ ਨਗਰ ਜੀ.ਟੀ.ਬੀ ਨਗਰ ਕੋਲਵਾੜੀ ਮੁੰਬਈ (ਮਹਾਰਾਸ਼ਟਰ) ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਮਾਮਲੇ ਦੀ ਹੋਰ ਲੋੜੀਂਦੀ ਜਾਂਚ ਪੜਤਾਲ ਏ.ਐੱਸ.ਆਈ. ਜਸਵੀਰ ਸਿੰਘ ਵਲੋਂ ਕੀਤੀ ਜਾ ਰਹੀ ਹੈ |