ਹੁਸ਼ਿਆਰਪੁਰ, 19 ਜੂਨ (ਬਲਜਿੰਦਰਪਾਲ ਸਿੰਘ)-ਇੱਕ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਵਲੋਂ ਵਿਕਾਸ ਦੇ ਨਾਂਅ 'ਤੇ ਲਗਾਤਾਰ ਵੱਡੇ-ਵੱਡੇ ਦਾਅਵੇ ਤੇ ਵਾਅਦੇ ਕੀਤੇ ਜਾ ਰਹੇ ਹਨ, ਪ੍ਰੰਤੂ ਦੂਜੇ ਪਾਸੇ ਜ਼ਮੀਨੀ ਹਕੀਕਤ ਇਸ ਦੇ ਬਿਲਕੁੱਲ ਉਲਟ ਨਜ਼ਰ ਆਉਂਦੀ ਹੈ | ਹੁਸ਼ਿਆਰਪੁਰ ਮਾਲ ਰੋਡ 'ਤੇ ਪਾਈਪ-ਲਾਈਨ ਪਾਉਣ ਨੂੰ ਲੈ ਕੇ ਕੀਤੀ ਪੁਟਾਈ ਉਪਰੰਤ ਪਿਛਲੇ ਕਈ ਮਹੀਨਿਆਂ ਤੋਂ ਕੰਮ ਅਧੂਰਾ ਛੱਡ ਦਿੱਤੇ ਜਾਣ ਕਾਰਨ ਇਸ ਰੋਡ ਤੋਂ ਵਾਹਨਾਂ ਦੇ ਨਾਲ-ਨਾਲ ਪੈਦਲ ਲੰਘਣਾ ਵੀ ਬਹੁਤ ਮੁਸ਼ਕਿਲ ਹੋ ਗਿਆ ਹੈ ਅਤੇ ਇਸ ਰੋਡ 'ਤੇ ਰੋਜ਼ਾਨਾ ਲੰਮੇ ਜਾਮ ਲੱਗ ਰਹੇ ਹਨ, ਪ੍ਰੰਤੂ ਟ੍ਰੈਫ਼ਿਕ ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਟ੍ਰੈਫ਼ਿਕ ਪੁਲਿਸ ਦਾ ਕੋਈ ਵੀ ਮੁਲਾਜ਼ਮ ਉੱਥੇ ਮੌਜੂਦ ਨਹੀਂ ਰਹਿੰਦਾ, ਜਿਸ ਕਾਰਨ ਇਹ ਸਮੱਸਿਆ ਰਾਹਗੀਰਾਂ ਲਈ ਹੋਰ ਵੀ ਜਟਿਲ ਬਣ ਜਾਂਦੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਹਗੀਰਾਂ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਸ਼ਹਿਰ 'ਚ ਵਿਕਾਸ ਕਰਵਾਉਣ ਦੇ ਨਾਂਅ 'ਤੇ ਲੋਕਾਂ ਨੂੰ ਸਿਰਫ਼ ਗੁੰਮਰਾਹ ਹੀ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਿਰਫ਼ ਨੀਂਹ ਪੱਥਰ ਰੱਖਣ ਅਤੇ ਉਦਘਾਟਨਾਂ ਨਾਲ ਕੁੱਝ ਨਹੀਂ ਹੋਣਾ, ਬਲਕਿ ਜ਼ਮੀਨੀ ਪੱਧਰ 'ਤੇ ਵਿਕਾਸ ਕਰਵਾਉਣਾ ਹੋਵੇਗਾ, ਜਿਸ ਨਾਲ ਲੋਕਾਂ ਨੂੰ ਕੋਈ ਲਾਭ ਹੋਵੇ ਨਾ ਕਿ ਮੁਸੀਬਤ ਬਣੇ | ਉਨ੍ਹਾਂ ਕਿਹਾ ਕਿ ਮਾਲ ਰੋਡ 'ਤੇ ਪਾਈਪ-ਲਾਈਨ ਪਾਉਣ ਨੂੰ ਲੈ ਕੇ ਬੇਸ਼ੱਕ ਇਸ ਸੜਕ ਨੂੰ ਪੁੱਟਿਆ ਗਿਆ, ਪ੍ਰੰਤੂ ਪਿਛਲੇ 3 ਮਹੀਨੇ ਤੋਂ ਕੰਮ ਬੰਦ ਹੋਣ ਦੇ ਚੱਲਦਿਆਂ ਇੱਥੇ ਪਏ ਟੋਇਆਂ ਅਤੇ ਖਿੱਲਰੀ ਮਿੱਟੀ ਕਾਰਨ ਲੋਕਾਂ ਅਤੇ ਉੱਥੋਂ ਦੇ ਦੁਕਾਨਦਾਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਦੇ ਨਾਲ-ਨਾਲ ਰੋਡ ਦੇ ਨਾਲ ਲਗਦੀਆਂ ਗਲੀਆਂ ਦਾ ਵਿਕਾਸ ਵੀ ਰੁਕਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਰਾਹਗੀਰਾਂ ਦੇ ਨਾਲ-ਨਾਲ ਮਰੀਜ਼ਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣ ਵਾਲੀਆਂ ਐਂਬੂਲੈਂਸਾਂ ਵੀ ਅਕਸਰ ਇਸ ਰੋਡ 'ਤੇ ਟਰੈਫ਼ਿਕ 'ਚ ਫਸੀਆਂ ਦੇਖੀਆਂ ਜਾ ਸਕਦੀਆਂ ਹਨ, ਪ੍ਰੰਤੂ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਇਸ ਸਮੱਸਿਆ ਪ੍ਰਤੀ ਸੰਜੀਦਗੀ ਨਹੀਂ ਦਿਖਾ ਰਿਹਾ ਅਤੇ ਇਸ ਦਾ ਖ਼ਮਿਆਜ਼ਾ ਆਮ ਲੋਕਾਂ ਅਤੇ ਮਰੀਜ਼ਾਂ ਨੂੰ ਭੁਗਤਣਾ ਪੈ ਰਿਹਾ ਹੈ | ਇਸ ਮੌਕੇ ਆਮ ਲੋਕਾਂ ਅਤੇ ਰਾਹਗੀਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸਥਾਨਕ ਮਾਲ ਰੋਡ ਦੀ ਖਸਤਾ ਹਾਲਤ ਨੂੰ ਤੁਰੰਤ ਸਹੀ ਕਰਵਾਇਆ ਜਾਵੇ |