ਹੁਸ਼ਿਆਰਪੁਰ, 19 ਜੂਨ (ਹਰਪ੍ਰੀਤ ਕੌਰ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਕਰਵਾਏ ਗਏ ਅੰਡਰ-19 ਅੰਤਰ ਜ਼ਿਲ੍ਹਾ ਮਹਿਲਾ ਕ੍ਰਿਕਟ ਟੂਰਨਾਮੈਂਟ 'ਚ ਹੁਸ਼ਿਆਰਪੁਰ ਦੀ ਟੀਮ ਨੇ ਪੂਲ-ਏ 'ਚ ਲਗਾਤਾਰ ਚੌਥੀ ਜਿੱਤ ਹਾਸਿਲ ਕਰਕੇ 16 ਅੰਕਾਂ ਨਾਲ ਪਹਿਲਾ ਸਥਾਨ ਹਾਸਿਲ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਇਸ ਜਿੱਤ ਨਾਲ ਹੁਸ਼ਿਆਰਪੁਰ ਦੀ ਟੀਮ ਨੇ ਕੁਆਰਟਰ ਫ਼ਾਈਨਲ 'ਚ ਪ੍ਰਵੇਸ਼ ਕਰ ਲਿਆ ਹੈ | ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਦੀ ਟੀਮ ਨੇ ਆਖਰੀ ਲੀਗ ਮੈਚ ਵਿਚ ਫ਼ਤਿਹਗੜ੍ਹ ਸਾਹਿਬ ਦੀ ਟੀਮ ਨੂੰ 7 ਵਿਕਟਾਂ ਨਾਲ ਹਰਾ ਕੇ ਇਹ ਜਿੱਤ ਹਾਸਿਲ ਕੀਤੀ | ਡਾ. ਘਈ ਨੇ ਦੱਸਿਆ ਕਿ ਫ਼ਤਿਹਗੜ੍ਹ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 46.3 ਓਵਰਾਂ ਵਿਚ 10 ਵਿਕਟਾਂ ਦੇ ਨੁਕਸਾਨ 'ਤੇ 114 ਰਨ ਬਣਾਏ | 115 ਰਨਾਂ ਦਾ ਟੀਚਾ ਲੈ ਕੇ ਮੈਦਾਨ 'ਚ ਉੱਤਰੀ ਹੁਸ਼ਿਆਰਪੁਰ ਦੀ ਟੀਮ ਨੇ 39.3 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ 'ਤੇ 117 ਰਨ ਬਣਾ ਕੇ ਇਹ ਮੈਚ 7 ਵਿਕਟਾਂ ਨਾਲ ਜਿੱਤ ਲਿਆ | ਉਨ੍ਹਾਂ ਦੱਸਿਆ ਕਿ ਕੁਆਰਟਰ ਫ਼ਾਈਨਲ ਮੈਚ ਹੁਸ਼ਿਆਰਪੁਰ ਦਾ ਅੰਮਿ੍ਤਸਰ ਦੀ ਟੀਮ ਨਾਲ ਹੋਵੇਗਾ | ਐਸੋਸੀਏਸ਼ਨ ਦੇ ਪ੍ਰਧਾਨ ਡਾ. ਦਲਜੀਤ ਖੇਲਾ, ਟੂਰਨਾਮੈਂਟ ਕਮੇਟੀ ਦੇ ਚੇਅਰਮੈਨ ਡਾ. ਪੰਕਜ ਸ਼ਿਵ, ਸੰਯੁਕਤ ਸਕੱਤਰ ਵਿਵੇਕ ਸਾਹਨੀ, ਟੀਮ ਦੇ ਕੋਚ ਦਵਿੰਦਰ ਕੌਰ, ਟਰੇਨਰ ਕੁਲਦੀਪ ਧਾਮੀ, ਜ਼ਿਲ੍ਹਾ ਕੋਚ ਦਲਜੀਤ ਸਿੰਘ, ਜੂਨੀਅਰ ਕੋਚ ਦਲਜੀਤ ਧੀਮਾਨ, ਪੰਕਜ ਪਿੰਕ, ਦਿਨੇਸ਼ ਸ਼ਰਮਾ ਆਦਿ ਨੇ ਵੀ ਜੇਤੂ ਟੀਮ ਨੂੰ ਵਧਾਈ ਦਿੱਤੀ |