ਮੁਕੇਰੀਆਂ, 19 ਜੂਨ (ਰਾਮਗੜ੍ਹੀਆ)-ਮੁਕੇਰੀਆਂ ਸ਼ਹਿਰ ਅੰਦਰ ਉੱਚੀ-ਉੱਚੀ ਆਵਾਜ਼ 'ਚ ਵੱਜਦੇ ਪ੍ਰੈਸ਼ਰ ਹਾਰਨਾਂ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ | ਕਾਨੂੰਨ ਨੂੰ ਟਿੱਚ ਸਮਝਦਿਆਂ ਪੈ੍ਰਸ਼ਰ ਹਾਰਨਾਂ ਦੀ ਵਰਤੋਂ ਸ਼ਰੇਆਮ ਜਾਰੀ ਹੈ | ਇਸ ਪਾਸੇ ਪ੍ਰਸ਼ਾਸਨ ਵਲੋਂ ਕੋਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ | ਸ਼ਹਿਰ ਮੁਕੇਰੀਆਂ ਜੋ ਇੱਕ ਸੰਘਣੀ ਵਸੋਂ ਵਾਲਾ ਖੇਤਰ ਹੈ ਅਤੇ ਹਜ਼ਾਰਾਂ ਦੀ ਗਿਣਤੀ 'ਚ ਇੱਥੋਂ ਰੋਜ਼ਾਨਾ ਵਾਹਨ ਗੁਜ਼ਰਦੇ ਹਨ | ਸ਼ਹਿਰ ਅੰਦਰ ਟ੍ਰੈਫ਼ਿਕ ਸਮੱਸਿਆ ਵੀ ਇਸ ਸਮੇਂ ਗੰਭੀਰ ਬਣੀ ਹੋਈ ਹੈ | ਇਸ ਟ੍ਰੈਫ਼ਿਕ ਵਿਚ ਫਸੇ ਵੱਡੇ ਵਾਹਨ ਜਿਵੇਂ ਕਿ ਕੁਝ ਬੱਸਾਂ, ਗੱਡੀਆਂ, ਟਿੱਪਰ, ਮੋਟਰਸਾਈਕਲ ਅਤੇ ਟਰੱਕਾਂ ਵਾਲੇ ਬਿਨਾਂ ਕਿਸੇ ਡਰ ਤੋਂ ਲਾਈਨਾਂ 'ਚ ਲੱਗੇ ਉੱਚੀ-ਉੱਚੀ ਆਵਾਜ਼ ਵਿਚ ਪ੍ਰੈਸ਼ਰ ਹਾਰਨ ਸ਼ਰੇਆਮ ਵਜਾਉਂਦੇ ਹਨ ਜਿਨ੍ਹਾਂ ਨੂੰ ਕੋਈ ਵੀ ਪੁੱਛਣ ਵਾਲਾ ਨਹੀਂ | ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਪ੍ਰੈਸ਼ਰ ਹਾਰਨਾਂ ਦੀ ਆਵਾਜ਼ ਕਈ ਕਿੱਲੋਮੀਟਰ ਤੱਕ ਪਹੁੰਚਦੀ ਹੈ ਪਰ ਪੁਲਿਸ ਨਾਕਿਆਂ ਦੇ ਨਜ਼ਦੀਕ ਵੱਜਦੇ ਹਾਰਨਾਂ ਦੀ ਆਵਾਜ਼ ਟ੍ਰੈਫ਼ਿਕ ਪੁਲਿਸ ਅਧਿਕਾਰੀਆਂ ਤੱਕ ਨਹੀਂ ਪਹੁੰਚਦੀ | ਪ੍ਰੈਸ਼ਰ ਹਾਰਨਾਂ ਨਾਲ ਜਿੱਥੇ ਸ਼ੋਰ ਪ੍ਰਦੂਸ਼ਣ ਵਿਚ ਵਾਧਾ ਹੋਇਆ ਹੈ ਉੱਥੇ ਹੀ ਦੁਕਾਨਦਾਰ, ਦਫ਼ਤਰਾਂ 'ਚ ਕੰਮ ਕਰਦੇ ਕਾਮਿਆਂ ਲਈ ਪੇ੍ਰਸ਼ਾਨੀ ਤੋਂ ਇਲਾਵਾ ਹਸਪਤਾਲਾਂ 'ਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਦਿਲ ਦੇ ਮਰੀਜ਼ਾਂ ਲਈ ਇਹ ਹਾਰਨ ਜਾਨ ਦੇ ਖੋਹ ਤੋਂ ਘੱਟ ਨਹੀਂ | ਲੋਕਾਂ ਨੇ ਸੰਬੰਧਿਤ ਵਿਭਾਗ ਪਾਸੋਂ ਮੰਗ ਕੀਤੀ ਕਿ ਮੁਕੇਰੀਆਂ ਸ਼ਹਿਰ ਅੰਦਰ ਉੱਚੀ-ਉੱਚੀ ਕੰਨ ਪਾੜੂ ਆਵਾਜ਼ 'ਚ ਪ੍ਰੈਸ਼ਰ ਹਾਰਨ ਮਾਰਨ ਵਾਲਿਆਂ 'ਤੇ ਸਖ਼ਤੀ ਨਾਲ ਸ਼ਿਕੰਜਾ ਕੱਸਿਆ ਜਾਵੇ ਤਾਂ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਤੋਂ ਨਿਜਾਤ ਮਿਲ ਸਕੇ |