ਬੀਣੇਵਾਲ, 19 ਜੂਨ (ਬੈਜ ਚੌਧਰੀ)-ਗੜ੍ਹਸ਼ੰਕਰ 'ਚ ਅਮਨ ਕਾਨੂੰਨ ਦੀ ਸਥਿਤੀ ਦਾ ਜਨਾਜ਼ਾ ਨਿਕਲ ਗਿਆ ਹੈ | ਪੁਲਿਸ ਤੰਤਰ ਬੁਰੀ ਤਰਾਂ ਫ਼ੇਲ੍ਹ ਹੋ ਚੁੱਕਿਆ ਹੈ | ਫ਼ੇਲ੍ਹ ਪ੍ਰਸ਼ਾਸਨ ਵਿਚ ਆਪਣੇ ਚਹੇਤੇ ਅਤੇ ਭਿ੍ਸ਼ਟਾਚਾਰ ਵਿਚ ਬਦਨਾਮ ਅਫ਼ਸਰ ਲਗਵਾਉਣ ਵਾਲਾ ਵਿਧਾਇਕ ਜਨਤਾ ਤੋਂ ਮੁਆਫ਼ੀ ਮੰਗੇ | ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੇ ਆਸ ਪਾਸ ਦੇ ਇਲਾਕਿਆਂ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਪੂਰੀ ਤਰ੍ਹਾਂ ਡਾਵਾਂਡੋਲ ਹੋ ਚੁੱਕੀ ਹੈ | ਲੋਕਾਂ ਦਾ ਪ੍ਰਸ਼ਾਸਨ ਤੋਂ ਯਕੀਨ ਉੱਠ ਚੁੱਕਾ ਹੈ | ਇਹ ਪ੍ਰਗਟਾਵਾ ਕਾਂਗਰਸ ਦੇ ਹਲਕਾ ਇੰਚਾਰਜ ਅਤੇ ਕੁਲ ਹਿੰਦ ਕਾਂਗਰਸ ਕਮੇਟੀ ਦੇ ਮੈਂਬਰ ਅਮਰਪ੍ਰੀਤ ਸਿੰਘ ਲਾਲੀ ਵਲੋਂ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ ਗਿਆ | ਲਾਲੀ ਨੇ ਕਿਹਾ ਕਿ ਬੀਤੀ ਰਾਤ ਕੋਟ-ਸ਼ਾਹਪੁਰ ਘਾਟੇ 'ਚ ਇਕ 20 ਸਾਲਾ ਨੌਜਵਾਨ ਆਰੀਅਨ ਕੁਮਾਰ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ ਇਸ ਗੱਲ ਦੀ ਗਵਾਹੀ ਭਰਦਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰ ਇਸ ਮੁੱਦੇ ਖ਼ਿਲਾਫ਼ ਸੰਘਰਸ਼ ਕਰਨਗੇ |