ਪੱਸੀ ਕੰਢੀ, 19 ਜੂਨ (ਜਗਤਾਰ ਸਿੰਘ ਰਜਪਾਲਮਾ)-ਰਾਜਪੁਰ ਕੰਢੀ ਵਿਖੇ ਮਹੰਤ ਰਾਮ ਗਿਰ ਦੀ ਅਗਵਾਈ ਹੇਠ ਡੇਰਾ ਸੇਵਾ ਕਮੇਟੀ ਬਾਬਾ ਭੋਲਾ ਗਿਰ ਅਤੇ ਸਮੂਹ ਨਗਰ ਨਿਵਾਸੀਆਂ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਸਾਲਾਨਾ ਛਿੰਝ ਮੇਲਾ ਸਮਾਪਤ ਹੋ ਗਿਆ | ਡੇਰੇ ਦੇ ਗੱਦੀ ਨਸ਼ੀਨ ਮਹੰਤ ਰਾਮ ਗਿਰ ਨੇ ਦੱਸਿਆ ਕਿ ਮੇਲੇ ਦੇ ਸ਼ੁਰੂਆਤ ਮੌਕੇ ਸਵੇਰੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਵੱਖ-ਵੱਖ ਰਾਗੀ ਜਥਿਆਂ ਨੇ ਕੀਰਤਨ ਕੀਤਾ | ਉਨ੍ਹਾਂ ਦੱਸਿਆ ਕਿ 15 ਜੂਨ ਸ਼ਾਮ ਨੂੰ 6 ਵਜੇ ਟਮਕ ਦੀ ਰਸਮ ਕੀਤੀ ਗਈ ਤੇ 16 ਜੂਨ ਨੂੰ ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਸੰਤਾਂ ਵਲੋਂ ਪ੍ਰਵਚਨਾਂ ਅਤੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਉਨ੍ਹਾਂ ਦੱਸਿਆ ਕਿ ਮੇਲੇ ਦੇ ਆਖ਼ਰੀ ਦਿਨ 17 ਜੂਨ ਨੂੰ ਛਿੰਝ ਮੇਲਾ ਕਰਵਾਇਆ ਗਿਆ ਜਿਸ ਵਿਚ 200 ਦੇ ਕਰੀਬ ਚੋਟੀ ਦੇ ਪਹਿਲਵਾਨਾਂ ਦੇ ਘੋਲ ਕਰਵਾਏ ਗਏ | ਇਸ ਮੌਕੇ ਸਾਬਕਾ ਕੈਬਿਨਟ ਮੰਤਰੀ ਸੰਗਤ ਸਿੰਘ ਗਿਲਜੀਆਂ, ਸਾਬਕਾ ਡੀ.ਪੀ.ਆਰ.ਓ. ਬਲਦੇਵ ਸਿੰਘ ਬੱਲੀ ਸਮੇਤ ਹੋਰ ਨਾਮਵਰ ਸ਼ਖ਼ਸੀਅਤਾਂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਈਆਂ | ਛੋਟੀ ਰੁਮਾਲੀ ਦੀ ਕੁਸ਼ਤੀ ਰਜਤ ਦਿੱਲੀ ਅਤੇ ਨਰਿੰਦਰ ਖੰਨਾ ਵਿਚਕਾਰ ਹੋਈ ਜਿਸ ਵਿਚ ਰਜਤ ਦਿੱਲੀ ਜੇਤੂ ਰਿਹਾ ਜਿਸ ਨੂੰ ਟੀ. ਵੀ. ਐਸ. ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ | ਉਪ ਜੇਤੂ ਰਹੇ ਪਹਿਲਵਾਨ ਨਰਿੰਦਰ ਖੰਨਾ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਮੇਲੇ ਦੌਰਾਨ ਵੱਡੀ ਰੁਮਾਲੀ ਦੀ ਕੁਸ਼ਤੀ ਭੁਪਿੰਦਰ ਅਜਨਾਲਾ ਅਤੇ ਦਿਨੇਸ਼ ਗੋਲੀਆਂ ਹਰਿਆਣਾ ਪਹਿਲਵਾਨ ਵਿਚਕਾਰ ਹੋਈ ਜਿਸ ਵਿਚ ਭੁਪਿੰਦਰ ਅਜਨਾਲਾ ਜੇਤੂ ਰਿਹਾ ਜਿਸ ਨੂੰ ਬੁਲਟ ਮੋਟਰਸਾਈਕਲ ਤੇ ਗੁਰਜ ਦੇ ਕੇ ਸਨਮਾਨਿਤ ਕੀਤਾ ਗਿਆ | ਜਦਕਿ ਦੂਜੇ ਸਥਾਨ 'ਤੇ ਰਹੇ ਪਹਿਲਵਾਨ ਦਿਨੇਸ਼ ਗੋਲੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜੇਤੂ ਪਹਿਲਵਾਨਾ ਨੂੰ ਇਨਾਮਾਂ ਦੀ ਵੰਡ ਮਹੰਤ ਰਾਮ ਗਿਰ ਦੀ ਅਗਵਾਈ ਹੇਠ ਆਏ ਹੋਏ ਸੰਤ ਮਹਾਪੁਰਸ਼ਾਂ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ | ਮੇਲੇ ਦੌਰਾਨ ਕੁਮੈਂਟਰੀ ਦੀ ਸੇਵਾ ਹਰਦੀਪ ਸਿੰਘ ਰੰਧਾਵਾ ਵਲੋਂ ਨਿਭਾਈ ਗਈ | ਇਸ ਮੌਕੇ ਸੰਤ ਬਾਬਾ ਜਸਪਾਲ ਸਿੰਘ ਉਡਰੇ ਵਾਲੇ, ਸੰਤ ਸਰਬਜੀਤ ਸਿੰਘ ਕਸਬਾ, ਸੰਤ ਨਰੇਸ਼ ਗਿਰ ਨੰਗਲ ਖੂੰਗਾ, ਸੰਤ ਨਾਨਕ ਗਿਰ, ਸੰਤ ਬਲਵੀਰ ਗਿਰ ਧਰਮਪੁਰ, ਸੰਤ ਪ੍ਰੇਮ ਦਾਸ ਰਜਪਾਲਮਾ, ਸੰਤ ਗੁਰਮੇਲ ਦਾਸ ਰਹੀਮਪੁਰ, ਸੰਤ ਹਰਚਰਨ ਦਾਸ ਉੱਚਾ, ਸੰਤ ਚੰਦਰਸ਼ੇਖਰ ਸਕਰਾਲਾ, ਸੰਤ ਹੁਸ਼ਿਆਰ ਗਿਰ ਰਾਜਪੁਰ, ਸੰਤ ਗੋਲਡੀ ਸੰਧਵਾਲ, ਸੰਤ ਓਮ ਪ੍ਰਕਾਸ਼ ਹਾਜੀਪੁਰ ਵਾਲੇ ਸਮੇਤ ਵੱਡੀ ਗਿਣਤੀ ਵਿਚ ਸੰਤ ਮਹਾਂਪੁਰਸ਼ ਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ |