16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਸਕੀ ਭੂਆ ਦਾ ਲੜਕਾ ਹੀ ਨਿਕਲਿਆ ਕਾਤਲ, 3 ਦੋਸ਼ੀ ਗਿ੍ਫ਼ਤਾਰ <br/>

ਅਜੀਤ ਡੈਸਕ 21-06-2025
ਹੁਸ਼ਿਆਰਪੁਰ/ਗੜ੍ਹਸ਼ੰਕਰ/ਬੀਣੇਵਾਲ, 20 ਜੂਨ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ/ਧਾਲੀਵਾਲ/ਬੈਜ ਚੌਧਰੀ)-ਪਿੰਡ ਸ਼ਾਹਪੁਰ ਘਾਟੇ 'ਚ ਗੋਲੀਆਂ ਮਾਰ ਕੇ ਨੌਜਵਾਨ ਦੀ ਹੱਤਿਆ ਕਰਨ ਵਾਲੇ ਮਾਮਲੇ ਨੂੰ ਜ਼ਿਲ੍ਹਾ ਪੁਲਿਸ ਵਲੋਂ 24 ਘੰਟਿਆਂ 'ਚ ਸੁਲਝਾਉਂਦਿਆਂ ਮਿ੍ਤਕ ਨੌਜਵਾਨ ਦੀ ਸਕੀ ਭੂਆ ਦੇ ਲੜਕੇ ਸਮੇਤ 3 ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਹੱਤਿਆ ਦਾ ਕਾਰਨ ਮਿ੍ਤਕ ਨੌਜਵਾਨ ਵਲੋਂ ਆਪਣੇ ਰਿਸ਼ਤੇਦਾਰ ਦੀ ਦੁਕਾਨ ਤੋਂ ਹੱਟ ਕੇ ਆਪਣੀ ਦੁਕਾਨ ਖੋਲ੍ਹਣ ਦੀ ਰੰਜਿਸ਼ ਨੂੰ ਲੈ ਕੇ ਕੀਤਾ ਗਿਆ | ਇਹ ਜਾਣਕਾਰੀ ਅੱਜ ਇੱਥੇ ਪੁਲਿਸ ਲਾਈਨ ਵਿਖੇ ਪੈੱ੍ਰਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਨੌਜਵਾਨ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਡਾ. ਮੁਕੇਸ਼ ਕੁਮਾਰ ਐਸ.ਪੀ. (ਤਫ਼ਤੀਸ਼) ਦੀ ਨਿਗਰਾਨੀ 'ਚ ਟੀਮ ਕਾ ਗਠਨ ਕੀਤਾ ਗਿਆ, ਜਿਸ 'ਚ ਡੀ.ਐਸ.ਪੀ. ਗੜ੍ਹਸ਼ੰਕਰ ਜਸਪ੍ਰੀਤ ਸਿੰਘ ਅਤੇ ਥਾਣਾ ਗੜ੍ਹਸ਼ੰਕਰ ਤੇ ਥਾਣਾ ਮਾਹਿਲਪੁਰ ਦੇ ਮੁਖੀਆਂ ਨੂੰ ਸ਼ਾਮਿਲ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਉਕਤ ਟੀਮ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਇਸ ਦੌਰਾਨ ਘਟਨਾ ਸਥਾਨ ਨੂੰ ਜਾਂਦੇ ਰਸਤਿਆਂ ਨੂੰ ਟੈਕਨੀਕਲ ਤਰੀਕੇ ਨਾਲ ਜਾਂਚਣ 'ਤੇ ਪਾਇਆ ਗਿਆ ਕਿ ਕਥਿਤ ਦੋਸ਼ੀ ਨਵੀਨ ਕੁਮਾਰ ਪੁੱਤਰ ਸਤੀਸ਼ ਕੁਮਾਰ ਵਾਸੀ ਕੋਕੋਵਾਲ ਦੀ ਰੈਡੀਮੇਡ ਕੱਪੜਿਆਂ ਦੀ ਨਵੀਂ ਫ਼ੈਸ਼ਨ ਪੁਆਇੰਟ ਝੰੂਗਿਆਂ (ਬੀਣੇਵਾਲ) ਵਿਖੇ ਦੁਕਾਨ ਸੀ ਅਤੇ ਉਸ ਦੀ ਦੁਕਾਨ 'ਤੇ ਉਸ ਦੇ ਮਾਮੇ ਦਾ ਲੜਕਾ ਆਰੀਅਨ ਪੁੱਤਰ ਅਮਿਤ ਕੁਮਾਰ ਵਾਸੀ ਸੀਹਵਾਂ ਕੰਮ ਕਰਦਾ ਸੀ, ਜੋ ਹੁਣ ਆਪਣੀ ਵੱਖਰੀ ਦੁਕਾਨ ਪਿੰਡ ਝੂੰਗੀਆਂ ਵਿਖੇ ਕਰਨਾ ਚਾਹੁੰਦਾ ਸੀ | ਉਨ੍ਹਾਂ ਦੱਸਿਆ ਕਿ ਆਰੀਅਨ ਦਾ ਨਵੀਨ ਕੁਮਾਰ ਦੀ ਦੁਕਾਨ ਦੇ ਸਾਰੇ ਗਾਹਕਾਂ ਨਾਲ ਮੇਲ-ਜੋਲ ਬਹੁਤ ਜ਼ਿਆਦਾ ਸੀ ਅਤੇ ਆਰੀਅਨ ਵਲੋਂ ਆਪਣੀ ਦੁਕਾਨ ਨਵੀਨ ਕੁਮਾਰ ਦੀ ਦੁਕਾਨ ਦੇ ਬਰਾਬਰ ਖੋਲ੍ਹਣ ਨਾਲ ਉਸ ਦੀ ਦੁਕਾਨ ਦੀ ਸੇਲ ਨੂੰ ਬਹੁਤ ਨੁਕਸਾਨ ਹੋਣਾ ਸੀ | ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਸੇ ਰੰਜਿਸ਼ ਕਰਕੇ ਕਥਿਤ ਦੋਸ਼ੀ ਨਵੀਨ ਕੁਮਾਰ ਨੇ ਆਪਣੇ ਮਾਮੇ ਦੇ ਲੜਕੇ ਆਰੀਅਨ ਨੂੰ ਮਾਰ ਦੇਣ ਦੀ ਨੀਅਤ ਨਾਲ ਗੜ੍ਹਸ਼ੰਕਰ-ਨੰਗਲ ਰੋਡ 'ਤੇ ਸ਼ਾਹਪੁਰ ਘਾਟੇ 'ਚ 18 ਜੂਨ ਦੀ ਦੇਰ ਰਾਤ ਕਰੀਬ 11 ਵਜੇ ਸੁੰਨਸਾਨ ਜਗ੍ਹਾ 'ਤੇ ਬਹਾਨਾ ਲਗਾ ਕੇ ਆਪਣੀ ਕਾਰ ਰੋਕ ਲਈ ਅਤੇ ਆਪਣੀ ਨਾਜਾਇਜ਼ ਪਿਸਟਲ 32 ਬੋਰ ਨਾਲ ਆਰੀਅਨ ਦੇ ਸਿਰ ਤੇ ਛਾਤੀ 'ਤੇ 2 ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ | ਜਿਸ ਸੰਬੰਧੀ ਧਾਰਾ 103 (1) ਬੀ.ਐਨ.ਐਸ., 25/27-54-59 ਅਸਲ੍ਹਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਕਥਿਤ ਦੋਸ਼ੀ ਨਵੀਨ ਕੁਮਾਰ ਵਲੋਂ ਇਹ ਪਿਸਟਲ ਕਥਿਤ ਦੋਸ਼ੀ ਗੁਰਮੁਖ ਸਿੰਘ ਪੁੱਤਰ ਸੋਮ ਨਾਥ ਤੇ ਗੁਰਦੀਪ ਸਿੰਘ ਪੁੱਤਰ ਸੋਮ ਨਾਥ ਵਾਸੀਆਨ ਪਿੰਡ ਮਹਿੰਦਵਾਣੀ ਤੋਂ ਲਿਆ ਸੀ | ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਕਥਿਤ ਦੋਸ਼ੀ ਨਵੀਨ ਕੁਮਾਰ ਵਲੋਂ ਵਾਰਦਾਤ ਸਮੇਂ ਵਰਤਿਆ ਗਿਆ ਪਿਸਟਲ 32 ਬੋਰ, 1 ਜਿੰਦਾ ਰੋਂਦ, 1 ਚੱਲਿਆ ਹੋਇਆ ਕਾਰਤੂਸ ਅਤੇ ਸਵਿਫ਼ਟ ਕਾਰ ਨੰ: ਪੀ.ਬੀ.24 ਈ.-0923 ਨੂੰ ਬਰਾਮਦ ਕਰ ਲਿਆ ਅਤੇ ਕਥਿਤ ਦੋਸ਼ੀਆਂ ਗੁਰਮੁਖ ਤੇ ਗੁਰਦੀਪ ਨੂੰ ਵੀ ਗਿ੍ਫ਼ਤਾਰ ਕਰ ਲਿਆ ਗਿਆ ਹੈ | ਇਸ ਤੋਂ ਇਲਾਵਾ ਕਥਿਤ ਦੋਸ਼ੀਆਂ ਵਲੋਂ ਕਥਿਤ ਦੋਸ਼ੀ ਨਵੀਨ ਕੁਮਾਰ ਨੂੰ ਜਿਸ ਕਾਰ ਰਾਹੀਂ ਉਕਤ ਪਿਸਟਲ ਮੁਹੱਈਆ ਕਰਵਾਇਆ ਗਿਆ ਸੀ, ਉਸ ਕਾਰ ਨੂੰ ਵੀ ਬਰਾਮਦ ਕੀਤਾ ਜਾ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਗੁਰਮੁਖ ਤੇ ਗੁਰਦੀਪ ਖ਼ਿਲਾਫ਼ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ | ਉਨ੍ਹਾਂ ਦੱਸਿਆ ਕਿ ਉਕਤ ਤਿੰਨਾਂ ਕਥਿਤ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਤੋਂ ਬਾਅਦ ਪੁੱਛਗਿੱਛ ਦੌਰਾਨ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ |

ਪਿਛਲੀ ਖ਼ਬਰ ਹੁਸ਼ਿਆਰਪੁਰ 'ਚ 1 ਘੰਟਾ ਪਿਆ ਮੀਂਹ : ਮੁਹੱਲਿਆਂ 'ਚ ਭਰਿਆ ਪਾਣੀ <br/> ਅਗਲੀ ਖ਼ਬਰ ਨਸ਼ੇ ਦੀਆਂ ਗੋਲੀਆਂ ਸਮੇਤ 1 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।