ਹੁਸ਼ਿਆਰਪੁਰ, 20 ਜੂਨ (ਬਲਜਿੰਦਰਪਾਲ ਸਿੰਘ)-ਅੱਜ ਬਾਅਦ ਦੁਪਹਿਰ ਹੁਸ਼ਿਆਰ ਸ਼ਹਿਰ 'ਚ ਕਰੀਬ 1 ਘੰਟਾ ਪਏ ਮੀਂਹ ਨਾਲ ਸਾਰਾ ਸ਼ਹਿਰ ਜਲ-ਥਲ ਹੋ ਗਿਆ | ਇਸ ਪਏ ਮੀਂਹ ਨਾਲ ਜਿੱਥੇ ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ, ਉੱਥੇ ਸ਼ਹਿਰ ਦੇ ਬਹੁਤੇ ਮੁਹੱਲਿਆਂ 'ਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਹੁਸ਼ਿਆਰਪੁਰ ਦੇ ਮੁਹੱਲਾ ਸੁਤੈਹਰੀ ਖ਼ੁਰਦ, ਪ੍ਰੇਮਗੜ੍ਹ, ਬਾਲ ਕਿਸ਼ਨ ਰੋਡ, ਸਰਕਾਰੀ ਕਾਲਜ ਰੋਡ, ਪ੍ਰਭਾਤ ਚੌਂਕ ਆਦਿ ਇਲਾਕਿਆਂ 'ਚ ਮੀਂਹ ਦਾ ਪਾਣੀ ਭਰ ਗਿਆ ਅਤੇ ਕਈ ਜਗ੍ਹਾ 'ਤੇ ਲੋਕਾਂ ਦੇ ਘਰਾਂ ਅਤੇ ਦੁਕਾਨਾਂ 'ਚ ਵੀ ਪਾਣੀ ਵੜ ਗਿਆ | ਇਸ ਮੌਕੇ ਸ਼ਹਿਰ ਵਾਸੀਆਂ ਦਾ ਕਹਿਣਾ ਸੀ ਕਿ ਨਗਰ ਨਿਗਮ ਵਲੋਂ ਪਾਣੀ ਦੀ ਨਿਕਾਸੀ ਦੇ ਦਾਅਵੇ ਤਾਂ ਬਹੁਤ ਕੀਤੇ ਜਾ ਰਹੇ ਹਨ, ਪ੍ਰੰਤੂ ਥੌੜ੍ਹੇ ਜਿਹਾ ਮੀਂਹ ਪੈਣ ਨਾਲ ਹੀ ਸ਼ਹਿਰ ਦੇ ਮੁਹੱਲਿਆਂ 'ਚ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਆਰਥਿਕ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਬਰਸਾਤੀ ਪਾਣੀ ਦੇ ਨਿਕਾਸ ਦਾ ਹੱਲ ਕੀਤਾ ਜਾਵੇ ਤਾਂ ਜੋ ਆਏ ਦਿਨ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ | ਉਨ੍ਹਾਂ ਕਿਹਾ ਕਿ ਅਜੇ ਤਾਂ ਬਰਸਾਤ ਸ਼ੁਰੂ ਵੀ ਨਹੀਂ ਹੋਈ ਅਤੇ ਹੁਣ ਤੋਂ ਹੀ ਸ਼ਹਿਰ ਦਾ ਬੁਰਾ ਹਾਲ ਹੋਇਆ ਪਿਆ ਹੈ |