ਮਾਹਿਲਪੁਰ, 31 ਅਗਸਤ (ਰਜਿੰਦਰ ਸਿੰਘ)-ਅੱਜ ਸਵੇਰ ਤੋਂ ਸ਼ੁਰੂ ਹੋਈ ਤੇਜ਼ ਮੀਂਹ ਕਾਰਨ ਬਲਾਕ ਮਾਹਿਲਪੁਰ 'ਚ ਪੈਂਦੇ ਪਿੰਡਾਂ 'ਚ ਘਰਾਂ 'ਚ ਪਾਣੀ ਵੜਨ ਨਾਲ ਬਹੁਤ ਨੁਕਸਾਨ ਹੋਇਆ, ਉੱਥੇ ਮਾਹਿਲਪੁਰ ਨਾਲ ਲੱਗਦੇ ਪਿੰਡ ਨੰਗਲ ਖਿਡਾਰੀਆਂ ਵਿਖੇ ਇਕ ਮੋਟਰਸਾਈਕਲ ਚਾਲਕ ਪਾਣੀ ਦੀ ਲਪੇਟ 'ਚ ਹੜ੍ਹ ਗਿਆ, ਜਿਸ ਨੂੰ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਬਚਾਇਆ | ਜਾਣਕਾਰੀ ਅਨੁਸਾਰ ਸਵੇਰ ਤੋਂ ਸ਼ੁਰੂ ਹੋਏ ਭਾਰੀ ਮੀਂਹ ਕਾਰਨ ਮਾਹਿਲਪੁਰ ਨਾਲ ਲੱਗਦੇ ਪਿੰਡ ਬਾੜੀਆਂ ਕਲਾਂ, ਲਲਵਾਣ, ਜੇਜੋਂ ਦੁਆਬਾ, ਬਾਹੋਵਾਲ, ਰਾਮਪੁਰ, ਕਹਾਰਪੁਰ, ਹੱਲੂਵਾਲ, ਟੂਟੋਮਜਾਰਾ, ਹਕੂਮਤਪੁਰ, ਕਾਲੇ ਫੱਤੂ, ਘੁਮਿਆਲਾ, ਖੰਨੀ, ਝੰਜੋਵਾਲ, ਮੈਲੀ, ਰਸੂਲਪੁਰ ਵਿਖੇ ਮੀਂਹ ਕਾਰਨ ਕਾਫ਼ੀ ਨੁਕਸਾਨ ਹੋਇਆ | ਕਿਸਾਨ ਆਗੂ ਤਲਵਿੰਦਰ ਹੀਰ ਨੇ ਦੱਸਿਆ ਕਿ ਨੰਗਲ ਖਿਡਾਰੀਆਂ ਤੇ ਗੋਹਗੜੋਂ ਕੋਲ ਪੈਂਦੇ ਚੋਅ 'ਚ ਸੋਨਾਲੀਕਾ ਤੋਂ ਡਿਊਟੀ ਕਰ ਕੇ ਆ ਰਹੇ ਸ਼ੁੱਭਮ ਕੁਮਾਰ ਪਿੰਡ ਡੰਡੋਹ ਹਿਮਾਚਲ ਪ੍ਰਦੇਸ਼ ਪਾਣੀ ਦੀ ਲਪੇਟ 'ਚ ਹੜ੍ਹ ਗਿਆ, ਜਿਸ ਨੂੰ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਬਚਾਇਆ ਪਰ ਉਸ ਦਾ ਮੋਟਰਸਾਈਕਲ ਖ਼ਬਰ ਲਿਖਣ ਤੱਕ ਨਹੀਂ ਮਿਲਿਆ | ਇਸ ਤਰ੍ਹਾਂ ਪਿੰਡ ਬਾੜੀਆਂ ਕਲਾਂ ਤੇ ਖ਼ੁਰਦ ਵਿਖੇ ਬਲਵਿੰਦਰ ਕੁਮਾਰ, ਸਲਿੰਦਰ ਕਾਕਾ, ਕੁਲਵਿੰਦਰ ਸਾਹਨੀ, ਸਰਵਣ ਸਿੰਘ, ਸੋਨੂੰ ਨੇ ਇੱਕ ਪਾਣੀ ਆਉਣ ਨਾਲ ਜਿੱਥੇ ਪਾਣੀ ਘਰਾਂ 'ਚ ਵੜ ਗਿਆ, ਉੱਥੇ ਸੜਕ 'ਤੇ ਲੱਗੇ ਮੀਟਰ ਦੇ ਬਕਸੇ 'ਚ ਪਾਣੀ ਵੜ ਗਿਆ, ਜਿਸ ਨਾਲ ਸ਼ਾਇਦ ਕਾਫ਼ੀ ਮੀਟਰ ਸੜ ਗਏ ਹੋਣ | ਇਸੇ ਤਰ੍ਹਾਂ ਪਿੰਡ ਹੱਲੂਵਾਲ ਵਿਖੇ ਬੰਨ੍ਹ ਟੁੱਟਣ ਨਾਲ ਪਿੰਡ 'ਚ ਪਾਣੀ ਆਉਣ ਨਾਲ ਪਾਣੀ ਘਰਾਂ ਵੜ ਗਿਆ ਤੇ ਬਹੁਤ ਨੁਕਸਾਨ ਹੋਇਆ | ਪਿੰਡ ਟੂਟੋਮਜਾਰਾ ਵਿਖੇ ਫਾਮੀ ਓਵਰਫਲੋਂ ਹੋ ਮੁੱਖ ਸੜਕ ਉੱਪਰੋਂ ਲੰਘਣ ਕਾਰਨ ਕਾਫ਼ੀ ਸਮਾਂ ਜਾਮ ਲੱਗਾ ਰਿਹਾ |