ਗੜ੍ਹਦੀਵਾਲਾ 31 ਅਗਸਤ (ਚੱਗਰ)-ਡਾ. ਐਮ. ਐਸ. ਰੰਧਾਵਾ ਸਪੋਰਟਸ ਅਕੈਡਮੀ ਗੜ੍ਹਦੀਵਾਲਾ ਵੱਲੋਂ ਪਿ੍ੰਸੀਪਲ ਹੇਮਰਾਜ ਸਪੋਰਟਸ ਐਂਡ ਵੈਲਫੇਅਰ ਕਲੱਬ ਪਿੰਡ ਡੱਫਰ ਦੇ ਪ੍ਰਧਾਨ ਮੈਨੇਜਰ ਫਕੀਰ ਸਿੰਘ ਸਹੋਤਾ ਦੇ ਨਿਰਦੇਸ਼ਾਂ ਅਨੁਸਾਰ ਪਿੰਡ ਡੱਫਰ ਦੀ ਗਰਾਉਂਡ ਵਿਖੇ ਚੱਲ ਰਹੇ ਸਿਖਲਾਈ ਕੈਂਪ ਦੌਰਾਨ ਰਾਸ਼ਟਰੀ ਖੇਡ ਦਿਵਸ ਮਨਾਇਆ, ਜਿਸ 'ਚ ਵਿਸ਼ੇਸ਼ ਤੌਰ 'ਤੇ ਨੈਸ਼ਨਲ ਹਾਕੀ ਕੋਚ ਤਰਲੋਕ ਸਿੰਘ ਤੇ ਵੁਮੈਨ ਹਾਕੀ ਕੋਚ ਰੁਪਿੰਦਰ ਕੌਰ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਨੈਸ਼ਨਲ ਹਾਕੀ ਕੋਚ ਤਰਲੋਕ ਸਿੰਘ ਵਲੋਂ ਵਿਦਿਆਰਥੀਆਂ ਨੂੰ ਇਸ ਰਾਸ਼ਟਰੀ ਖੇਡ ਦਿਵਸ ਦੀ ਮਹੱਤਤਾ ਅਤੇ ਉਹਨਾਂ ਵੱਲੋਂ ਹਾਕੀ ਵਿੱਚ ਪਾਏ ਯੋਗਦਾਨ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ | ਉਨ੍ਹਾਂ ਕਿਹਾ ਕਿ ਖੇਡਾਂ ਹੀ ਸਾਡੇ ਜੀਵਨ ਦਾ ਮਹੱਤਵਪੂਰਨ ਅੰਗ ਹਨ ਜੋ ਸਾਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਤੰਦਰੁਸਤ ਰੱਖਦੀਆਂ ਹਨ | ਇਸ ਲਈ ਸਾਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨਾ ਚਾਹੀਦਾ ਹੈ | ਨੈਸ਼ਨਲ ਕੋਚ ਮਨਜੀਤ ਸਿੰਘ ਮੰਡ ਨੇ ਕਿਹਾ ਕਿ ਪਿੰਡ ਡੱਫਰ ਦੀ ਗਰਾਉਂਡ ਵਿਖੇ ਰੋਜਾਨਾ ਲਗਭਗ 50 ਦੇ ਕਰੀਬ ਬੱਚੇ ਉਹਨਾਂ ਤੋਂ ਕੋਚਿੰਗ ਲੈ ਰਹੇ ਹਨ | ਇਸ ਦੌਰਾਨ ਸੋਡੀ ਰੰਧਾਵਾ ਵੱਲੋਂ ਆਪਣੇ ਭਰਾ ਕਮਲ ਕੈਨੇਡਾ ਦੀ ਤਰਫੋਂ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਮੁਹਈਆ ਕਰਵਾਈ ਗਈ, ਜਦਕਿ ਨੈਸ਼ਨਲ ਹਾਕੀ ਕੋਚ ਤਰਲੋਕ ਸਿੰਘ ਵੱਲੋਂ ਆਪਣੀ ਅਕੈਡਮੀ ਵੱਲੋਂ ਬੱਚਿਆਂ ਨੂੰ ਟੀ ਸ਼ਰਟਾਂ ਵੰਡੀਆਂ ਗਈਆਂ | ਇਸ ਮੌਕੇ ਜਨਰਲ ਸਕੱਤਰ ਡਾਕਟਰ ਸਵਿੰਦਰ ਸਿੰਘ ਲਾਖਾ ਵਲੋਂ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਲਖਵਿੰਦਰ ਸਿੰਘ ਸਮੇਤ ਸਮੂਹ ਕਲੱਬ ਮੈਂਬਰ ਤੇ ਖਿਡਾਰੀ ਹਾਜ਼ਰ ਸਨ |