ਕੋਟਫ਼ਤੂਹੀ, 21 ਸਤੰਬਰ (ਅਵਤਾਰ ਸਿੰਘ ਅਟਵਾਲ)-ਨਜ਼ਦੀਕੀ ਪਿੰਡ ਕਾਲੇਵਾਲ ਫੱਤੂ ਦੇ ਇਕ ਪਰਿਵਾਰ ਨੇ ਕੋਟਫ਼ਤੂਹੀ ਪੁਲਿਸ ਚੌਕੀ ਇੰਚਾਰਜ ਵੱਲੋਂ ਉਨ੍ਹਾਂ ਦੇ ਲੜਕੇ 'ਤੇ ਨਸ਼ੇ ਦੀਆ ਗੋਲੀਆਂ ਪਾ ਕੇ ਝੂਠਾ ਪਰਚਾ ਕਰਨ ਦਾ ਦੋਸ਼ 'ਤੇ ਪਰਿਵਾਰ ਰੋਸ ਵਜੋ ਪੁਲਿਸ ਚੌਕੀ ਵਿਖੇ ਇਕੱਠੇ ਹੋਏ | ਜਾਣਕਾਰੀ ਅਨੁਸਾਰ ਪਿੰਡ ਕਾਲੇਵਾਲ ਫੱਤੂ ਦੇ ਚਰਨਜੀਤ ਸਿੰਘ, ਉਨ੍ਹਾਂ ਦੀ ਪਤਨੀ ਬਿੰਦਰ ਕੌਰ ਤੇ ਉਨ੍ਹਾਂ ਦੇ ਸਾਥੀ ਮਨਜੀਤ ਸਿੰਘ, ਸੰਤੋਖ ਸਿੰਘ, ਪਰਮਜੀਤ ਸਿੰਘ, ਅਮਰਜੀਤ ਸਿੰਘ, ਜਸਵਿੰਦਰ ਸਿੰਘ, ਸੰਦੀਪ ਸਿੰਘ, ਮੇਜਰ ਸਿੰਘ, ਕੁਲਦੀਪ ਸਿੰਘ, ਦਵਿੰਦਰ ਕੌਰ, ਸਤਵਿੰਦਰ ਕੌਰ ਆਦਿ ਨੇ ਦੱਸਿਆ ਕਿ 26 ਅਗਸਤ ਨੂੰ ਐਨ. ਡੀ. ਪੀ. ਐੱਸ ਐਕਟ ਤਹਿਤ ਉਨ੍ਹਾਂ ਦੇ ਲੜਕੇ ਗੁਰਮੁਖ ਸਿੰਘ ਉਰਫ਼ ਭੋਲਾ ਦੇ ਖ਼ਿਲਾਫ਼ ਪੁਲਿਸ ਚੌਕੀ ਇੰਚਾਰਜ ਵਲੋਂ 41 ਖੱੁਲੀਆਂ ਨਸ਼ੀਲੀਆਂ ਗੋਲੀਆਂ ਸੰਬੰਧੀ ਦਿੱਤਾ ਗਿਆ ਜੋ ਪਰਚਾ ਹੈ, ਉਹ ਝੂਠਾ ਹੈ, ਪੁਲਿਸ ਨੇ ਉਸ ਨਾਲ ਸ਼ਰੇਆਮ ਧੱਕਾ ਕੀਤਾ ਹੈ ਜਦ ਕਿ ਪਿੰਡ 'ਚ ਗੱਡੀ ਚੋਰੀ ਦੇ ਸੰਬੰਧ ਵਿਚ ਮੇਰੇ ਲੜਕੇ ਨੂੰ ਬਿਆਨ ਲੈਣ ਲਈ ਪੁਲਿਸ ਚੌਕੀ ਸੱਦਿਆ ਸੀ | ਸ਼ਾਮ ਨੂੰ ਸਾਨੂੰ ਲੜਕੇ ਨੂੰ ਘਰ ਲੈ ਜਾਣ ਲਈ ਮੁਲਾਜ਼ਮਾਂ ਨੇ ਫ਼ੋਨ ਕੀਤਾ, ਜਿਸ 'ਤੇ ਅਸੀਂ ਉਸ ਨੂੰ ਘਰ ਲੈ ਗਏ ਤੇ ਦੂਜੇ ਦਿਨ ਪੁਲਿਸ ਦੇ ਕਹਿਣ ਦੇ ਫਿਰ ਅਸੀਂ ਸਵੇਰੇ 10 ਵਜੇ ਲੜਕੇ ਨੂੰ ਚੌਕੀ ਪੇਸ਼ ਕੀਤਾ ਤਾਂ ਪੁਲਿਸ ਨੇ ਉਸ ਨੂੰ ਦਿਨੇ ਛੱਡਿਆ ਨਹੀਂ ਸਗੋਂ ਸ਼ਾਮ ਚਾਰ-ਪੰਜ ਕੁ ਵਜੇ ਦੇ ਕਰੀਬ ਪੁਲਿਸ ਨੇ ਉਸ 'ਤੇ ਨਸ਼ੀਲੀਆਂ ਗੋਲੀਆਂ ਦਾ ਪਰਚਾ ਪਾ ਦਿੱਤਾ ਜਦ ਕਿ ਇਸ ਲੜਕੇ 'ਤੇ ਪਹਿਲਾ ਵੀ ਲੜਾਈ ਝਗੜੇ ਦਾ ਪਰਚਾ ਸੀ, ਜਿਸ 'ਚੋਂ ਉਹ ਬਰੀ ਹੋ ਗਿਆ ਸੀ | ਇਸ ਸੰਬੰਧ 'ਚ ਪਰਿਵਾਰ ਵਲੋਂ ਰੋਸ ਦੇ ਸੰਬੰਧ ਵਿਚ ਪੁਲਿਸ ਚੌਕੀ ਵਿਖੇ ਇਕੱਠੇ ਹੋ ਕੇ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਨੂੰ ਪਹੁੰਚੇ | ਇਸ ਸੰਬੰਧੀ ਪੁਲਿਸ ਚੌਕੀ ਇੰਚਾਰਜ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਪਰਿਵਾਰ ਵਲੋਂ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਸਾਨੂੰ ਉਸ ਲੜਕੇ ਪਾਸੋਂ ਨਾਕੇ 'ਤੇ ਨਸ਼ੀਲੀਆਂ ਗੋਲੀਆਂ ਮਿਲੀਆਂ ਸਨ, ਜਿਸ 'ਤੇ ਉਸ ਦੇ ਵਿਰੁੱਧ ਪਰਚਾ ਦਰਜ ਕਰ ਕੇ ਉਸ ਨੂੰ ਜੇਲ੍ਹ ਭੇਜ ਦਿੱਤਾ |