ਮੁਕੇਰੀਆਂ, 16 ਅਕਤੂਬਰ (ਰਾਮਗੜ੍ਹੀਆ)-ਪਿੰਡ ਐਮਾਂ ਮਾਂਗਟ (ਬਾਗ਼) ਤਹਿਸੀਲ ਮੁਕੇਰੀਆਂ (ਹੁਸ਼ਿਆਰਪੁਰ) ਦੇ ਰਹਿਣ ਵਾਲੇ ਅਦਿੱਤਿਆ ਮਿਨਹਾਸ ਨੇ ਆਪਣੀ ਮਿਹਨਤ ਸਦਕਾ ਕਈ ਤਗਮੇ ਜਿਥੇ ਹਾਸਿਲ ਕੀਤੇ ਹਨ ਉਥੇ ਹੀ ਉਨ੍ਹਾਂ ਹਾਲ ਹੀ 'ਚ ਅੰਮਿ੍ਤਸਰ ਵਿਖੇ ਹੋਈਆਂ ਸਕੂਲ ਪੱਧਰੀ ਖੇਡਾਂ 'ਚ ਕਾਂਸੇ ਦਾ ਤਗਮਾ ਹਾਸਿਲ ਕਰਕੇ ਆਪਣੇ ਮਾਪਿਆਂ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | 'ਅਜੀਤ' ਉਪ ਦਫ਼ਤਰ ਮੁਕੇਰੀਆਂ ਵਿਖੇ ਗੱਲਬਾਤ ਕਰਦਿਆਂ ਖਿਡਾਰੀ ਅਦਿੱਤਿਆ ਮਿਨਹਾਸ ਨੇ ਦੱਸਿਆ ਕਿ ਅੰਮਿ੍ਤਸਰ ਵਿਖੇ ਹੋਈਆਂ ਸਕੂਲ ਪੱਧਰੀ ਖੇਡਾਂ ਅੰਡਰ-19 ਰੈਸਿਲੰਗ 'ਚ ਵਧੀਆ ਪ੍ਰਦਰਸ਼ਨ ਕਰਕੇ ਕਾਂਸੇ ਦਾ ਤਗਮਾ ਹਾਸਿਲ ਕੀਤਾ ਹੈ | ਉਨ੍ਹਾਂ ਦੱਸਿਆ ਕਿ ਉਹ ਸਟੇਟ ਲੈਵਲ 'ਤੇ ਦੋ ਸੋਨ ਤਗਮਾ ਤੇ 3 ਕਾਂਸੇ ਦੇ ਤਗਮੇ, ਇਸੇ ਤਰ੍ਹਾਂ ਜ਼ਿਲ੍ਹਾ ਪੱਧਰੀ 10 ਸੋਨੇ, 2 ਚਾਂਦੀ ਤੇ 20 ਕਾਂਸੇ ਦੇ ਤਗਮੇ ਹਾਸਿਲ ਕਰ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਉਹ ਜਗਜੀਤ ਰੈਸਿਲੰਗ ਅਕੈਡਮੀ ਤੋਂ ਕੋਚਿੰਗ ਲੈ ਰਿਹਾ ਹੈ ਤੇ ਖੇਡਾਂ 'ਚ ਵਧੀਆ ਮੁਕਾਮ ਹਾਸਲ ਕਰਕੇ ਆਪਣੀ ਵੱਖਰੀ ਪਹਿਚਾਣ ਬਣਾਉਣਾ ਚਾਹੁੰਦਾ ਹੈ | ਅਦਿੱਤਿਆ ਮਿਨਹਾਸ ਨੇ ਹੋਰਨਾਂ ਨੌਜਵਾਨਾਂ ਨੂੰ ਵੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਖ਼ਾਸ ਧਿਆਨ ਦੇਣ ਲਈ ਕਿਹਾ |