ਹੁਸ਼ਿਆਰਪੁਰ, 16 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਬਲਾਕ ਪੱਧਰ ਤੇ ਮਿਲਣ ਵਾਲੀਆਂ ਸਿਹਤ ਸੇਵਾਵਾਂ ਵਿਚ ਵਾਧਾ ਕਰਦੇ ਹੋਏ ਸਿਹਤ ਵਿਭਾਗ ਪੰਜਾਬ ਵੱਲੋਂ ਸੀ.ਐਚ.ਸੀ ਹਾਰਟਾ ਬੱਡਲਾ ਵਿਖੇ ਟਿਊਬਰਸਕਲੋਸਿਸ (ਟੀ.ਬੀ) ਦੀ ਤੇਜ਼ ਅਤੇ ਸਹੀ ਪਛਾਣ ਲਈ ਨਵੀਂ ਟਰੂਨੈਟ ਮਸ਼ੀਨ ਸਥਾਪਿਤ ਕੀਤੀ ਗਈ ਹੈ, ਜਿਸ ਨਾਲ ਬਲਾਕ ਹਾਰਟਾ ਬੱਡਲਾ ਅਧੀਨ ਆਉਂਦੇ ਪਿੰਡਾਂ ਦੇ ਲੋਕਾਂ ਨੂੰ ਹੁਣ ਟੀ.ਬੀ ਦੀ ਜਾਂਚ ਕਰਵਾਉਣ ਲਈ ਵਿਸ਼ੇਸ਼ ਤੌਰ 'ਤੇ ਸ਼ਹਿਰ ਨਹੀਂ ਜਾਣਾ ਪਵੇਗਾ | ਇਸ ਸੰਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਸੀ.ਐਚ.ਸੀ ਹਾਰਟਾ ਬੱਡਲਾ ਡਾ.ਮਨਪ੍ਰੀਤ ਸਿੰਘ ਬੈਂਸ ਨੇ ਦੱਸਿਆ ਕਿ ਟੀ.ਬੀ ਦੇ ਮਰੀਜ਼ਾਂ ਵਾਸਤੇ ਟਰੂਨੈਟ ਦੀ ਸੁਵਿਧਾ ਜ਼ਿਲ੍ਹਾ ਟੀ.ਬੀ ਹਸਪਤਾਲ ਵਿਖੇ ਪਹਿਲਾ ਤੋਂ ਚੱਲ ਰਹੀ ਹੈ ਪਰ ਬਲਾਕ ਪੱਧਰ ਤੇ ਇਹ ਸੁਵਿਧਾ ਸੀ.ਐਚ.ਸੀ ਹਾਰਟਾ ਵਿਖੇ ਸ਼ੁਰੂ ਕੀਤੀ ਗਈ ਹੈ ਜਿਸ ਨਾਲ ਹੁਣ ਪਿੰਡ ਦੇ ਲੋਕਾਂ ਦਾ ਸਮਾਂ ਅਤੇ ਪੈਸਾ ਦੋਵੇਂ ਬਚਣਗੇ ਕਰਨਗੇ | ਇਸ ਮਸ਼ੀਨ ਦੀ ਮਦਦ ਨਾਲ ਟਿਊਬਰਸਕਲੋਸਿਸ (ਟੀ.ਬੀ.) ਰੋਗ ਦੀ ਤੇਜ਼ ਤੇ ਸਹੀ ਜਾਂਚ ਕਰਨੀ ਸੰਭਵ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਟਰੂਨੈਟ ਮਸ਼ੀਨ ਇੱਕ ਆਧੁਨਿਕ ਤਕਨਾਲੋਜੀ ਹੈ ਜਿਸ ਰਾਹੀਂ ਟੀ.ਬੀ ਦੇ ਬੈਕਟੀਰੀਆ ਦੀ ਪਛਾਣ ਕੇਵਲ ਕੁੱਝ ਘੰਟਿਆਂ ਵਿਚ ਹੋ ਸਕਦੀ ਹੈ | ਪਹਿਲਾਂ ਜਿੱਥੇ ਟੀ.ਬੀ. ਦੀ ਜਾਂਚ ਲਈ ਕਈ ਦਿਨ ਲੱਗਦੇ ਸਨ, ਹੁਣ ਮਰੀਜ਼ ਨੂੰ ਛੋਟੇ ਸਮੇਂ ਵਿਚ ਹੀ ਰਿਪੋਰਟ ਮਿਲ ਸਕੇਗੀ | ਇਸ ਮੌਕੇ ਡਾ. ਕੁਲਵੰਤ ਰਾਏ, ਐਲ.ਟੀ ਸੁਰਿੰਦਰ ਕੁਮਾਰ, ਐਲ.ਟੀ ਸ਼ਰਨਪ੍ਰੀਤ ਕੌਰ,ਫਾਰਮੇਸੀ ਅਫ਼ਸਰ ਬਲਕਾਰ ਚੰਦ ਅਤੇ ਹੈਲਥ ਵਰਕਰ ਗੁਰਮੇਲ ਸਿੰਘ ਹਾਜ਼ਰ ਸਨ |