ਹੁਸ਼ਿਆਰਪੁਰ, 17 ਅਕਤੂਬਰ (ਹਰਪ੍ਰੀਤ ਕੌਰ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਵਿਖੇ ਸ਼ਿਵਾਲਿਕ ਹਿੱਲਜ਼ ਵੈਲਫੇਅਰ ਸੁਸਾਇਟੀ ਵਲੋਂ ਸਿਹਤ ਵਿਭਾਗ ਤੇ ਸੁਸਾਇਟੀ ਫਾਰ ਸਰਵਿਸ ਟੂ ਵਲੰਟਰੀ ਆਰਗਨਾਈਜੇਸ਼ਨ ਦੇ ਸਹਿਯੋਗ ਨਾਲ ਨਸ਼ਾ ਮੁਕਤੀ ਜਾਗਰੂਕਤਾ ਮੁਹਿੰਮ ਤਹਿਤ ਸੈਮੀਨਾਰ ਕਰਵਾਇਆ ਗਿਆ | ਪਿ੍ੰਸੀਪਲ ਰਾਜਨ ਅਰੋੜਾ ਦੀ ਅਗਵਾਈ ਹੇਠ ਹੋਏ ਸੈਮੀਨਾਰ 'ਚ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਵਾਤੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਨੇ ਨਸ਼ਿਆਂ ਦੇ ਖਾਤਮੇ ਲਈ ਸਾਰਿਆਂ ਨੂੰ ਮਿਲ ਕੇ ਯੋਗਦਾਨ ਪਾਉਣ ਲਈ ਕਿਹਾ | ਉਨ੍ਹਾਂ ਸ਼ਿਵਾਲਿਕ ਹਿੱਲਜ਼ ਵੈਲਫੇਅਰ ਸੁਸਾਇਟੀ ਵਲੋਂ ਨਸ਼ਿਆਂ ਵਿਰੁੱਧ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ | ਪਿ੍ੰਸੀਪਲ ਅਰੋੜਾ ਨੇ ਕਿਹਾ ਕਿ ਨਸ਼ਿਆਂ ਦੀ ਵੱਧਦੀ ਪ੍ਰਵਿਰਤੀ ਚਿੰਤਾ ਦਾ ਕਾਰਨ ਬਣਦੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਯੁਵਾ ਵਰਗ ਨੂੰ ਆਪਣੇ ਉਜਵੱਲ ਭਵਿੱਖ ਲਈ ਨਸ਼ਿਆਂ ਤੋਂ ਦੂਰ ਰਹਿਣ ਦੀ ਅੱਜ ਵੱਡੀ ਲੋੜ ਹੈ | ਉਨ੍ਹਾਂ ਕਿਹਾ ਕਿ ਯੁਵਾ ਪੀੜ੍ਹੀ ਦਾ ਮਾਰਗ ਦਰਸ਼ਨ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਨਸ਼ੇ 'ਚ ਗ੍ਰਸਤ ਵਿਅਕਤੀ ਆਪਣਾ ਹੀ ਨਹੀ ਸਗੋਂ ਪਰਿਵਾਰਕ ਬਰਬਾਦੀ ਦਾ ਕਾਰਨ ਵੀ ਬਣ ਜਾਂਦਾ ਹੈ | ਮੈਡੀਕਲ ਅਫ਼ਸਰ ਡਾ. ਸ਼ਿਪਰਾ ਤੇ ਜ਼ਿਲ੍ਹਾ ਮੈਨੇਜਰ ਦਵਿੰਦਰ ਸਿੰਘ ਨੇ ਕਿਹਾ ਕਿ ਨਸ਼ਾ ਕੇਵਲ ਸਰੀਰ ਨੂੰ ਹੀ ਨਹੀ ਸਗੋਂ ਮਾਨਸਿਕ, ਸਮਾਜਿਕ ਤੇ ਪਰਿਵਾਰਕ ਜੀਵਨ ਨੂੰ ਵੀ ਪ੍ਰਭਾਵਿਤ ਕਰਦਾ ਹੈ | ਉਨ੍ਹਾਂ ਸਰਕਾਰ ਵਲੋਂ ਚਲਾਏ ਜਾ ਰਹੇ ਓਟ, ਓ. ਐਸ. ਟੀ., ਨਸ਼ਾ ਛੁਡਾਊ ਕੇਂਦਰਾਂ ਤੇ ਮੁੜ ਵਸੇਵੇ ਕੇਂਦਰਾ ਦੀ ਜਾਣਕਾਰੀ ਵੀ ਸਾਂਝੀ ਕੀਤੀ | ਉਪ ਪਿ੍ੰਸੀਪਲ ਪੁਨੀਤ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ |