ਹੁਸ਼ਿਆਰਪੁਰ, 17 ਅਕਤੂਬਰ (ਬਲਜਿੰਦਰਪਾਲ ਸਿੰਘ)-ਡੀ. ਐਸ. ਟੀ. /ਸੀ. ਟੀ. ਐਮ. ਕੰਟਰੈਕਟ ਇੰਸਟਕਟਰ ਯੂਨੀਅਨ ਪੰਜਾਬ ਵਲੋਂ ਹਲਕਾ ਤਰਨਤਾਰਨ 'ਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ | ਯੂਨੀਅਨ ਦੇ ਪ੍ਰਧਾਨ ਸੰਦੀਪ ਸਿੰਘ, ਉਪ ਪ੍ਰਧਾਨ ਸਿਮਰਨਜੀਤ ਸਿੰਘ, ਪ੍ਰਦੀਪ ਸਿੰਘ, ਹਰਪ੍ਰੀਤ ਸਿੰਘ, ਮਨਜਿੰਦਰ ਸਿੰਘ ਤੇ ਹੋਰ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਉਦਯੋਗਿਕ ਸਿਖਲਾਈ ਸੰਸਥਾਵਾਂ 'ਚ ਬਤੌਰ ਕੰਟਰੈਕਟ/ਗੈੱਸਟ ਫੈਕਲਟੀ ਇੰਸਟਕਟਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਡਾਇਰੈਕਟਰ ਜਨਰਲ ਆਫ਼ ਟ੍ਰੇਨਿੰਗ ਵਲੋਂ ਨਿਰਧਾਰਿਤ ਯੋਗਤਾਵਾਂ ਪੂਰੀਆਂ ਕਰਦੇ ਹਾਂ | ਉਨ੍ਹਾਂ ਦੀ ਭਰਤੀ ਵੱਖ-ਵੱਖ ਅਖ਼ਬਾਰਾਂ 'ਚ ਇਸ਼ਤਿਹਾਰ ਦਿੰਦੇ ਹੋਏ ਰੋਜ਼ਗਾਰ ਦਫ਼ਤਰਾਂ ਵਲੋਂ ਇੰਟਰਵਿਊ ਹੋਣ 'ਤੇ ਮੈਰਿਟ ਤਿਆਰ ਕਰਦੇ ਹੋਏ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ | ਯੂਨੀਅਨ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਤੋਂ ਇਲਾਵਾ ਵਿੱਤ ਮੰਤਰੀ ਹਰਪਾਲ ਚੀਮਾ, ਕੈਬਨਿਟ ਮੰਤਰੀ ਅਮਨ ਅਰੋੜਾ ਤੇ ਹੋਰਨਾਂ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਸਾਡੀ ਮੰਗਾਂ ਪੂਰੀਆਂ ਨਹੀਂ ਹੋਈਆਂ | ਵਿੱਤ ਮੰਤਰੀ ਹਰਪਾਲ ਚੀਮਾ ਨਾਲ ਹੋਈ ਮੀਟਿੰਗ 'ਚ ਉਨ੍ਹਾਂ ਨੇ ਫਾਈਲ ਨੂੰ 1-2 ਦਿਨਾਂ 'ਚ ਫਾਈਨਲ ਕਰਕੇ ਨੋਟੀਫ਼ਿਕੇਸ਼ਨ ਕਰ ਦਿੱਤਾ ਜਾਵੇਗਾ ਪਰ 4 ਸਾਲ ਬੀਤ ਗਏ ਨੋਟੀਫ਼ਿਕੇਸ਼ਨ ਜਾਰੀ ਨਹੀਂ ਹੋਇਆ | ਆਗੂਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਕੀਤਾ ਗਿਆ ਤਾਂ 26 ਅਕਤੂਬਰ ਨੂੰ ਤਰਨਤਾਰਨ ਵਿਖੇ ਯੂਨੀਅਨ ਵਲੋਂ ਵਿਸ਼ਾਲ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ |