ਗੜ੍ਹਸ਼ੰਕਰ, 22 ਅਕਤੂਬਰ (ਧਾਲੀਵਾਲ)-ਸ੍ਰੀ ਵਿਸ਼ਵਕਰਮਾ ਸਭਾ ਗੜ੍ਹਸ਼ੰਕਰ ਵਲੋਂ ਵਿਸ਼ਵਕਰਮਾ ਮੰਦਿਰ ਗੜ੍ਹਸ਼ੰਕਰ ਵਿਖੇ ਭਗਵਾਨ ਵਿਸ਼ਵਕਰਮਾ ਦੇ ਜਨਮ ਦਿਹਾੜੇ ਸਬੰਧੀ 63ਵਾਂ ਸਾਲਾਨਾ ਸਮਾਗਮ ਗਿਆ | ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਤੋਂ ਪਹਿਲਾਂ ਹਵਨ ਉਪਰੰਤ ਨਿਸ਼ਾਨ ਸਾਹਿਬ ਚੜ੍ਹਾਇਆ ਗਿਆ, ਜਿਸ ਦੀ ਸੇਵਾ ਕਿਲ੍ਹਾ ਆਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ ਤੋਂ ਬਾਬਾ ਪ੍ਰੇਮ ਸਿੰਘ ਵਲੋਂ ਨਿਭਾਈ ਗਈ | ਸਟੇਜ ਪ੍ਰੋਗਰਾਮ ਦੀ ਆਰੰਭਤਾ 'ਤੇ ਭਾਈ ਅਮਰੀਕ ਸਿੰਘ ਉੱਚਾ ਲਧਾਣਾ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ | ਇਸ ਮੌਕੇ ਡੋਗਰਪੁਰ ਵਾਲੀਆਂ ਬੀਬੀਆਂ ਦੇ ਜਥੇ ਨੇ ਢਾਡੀ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਦੌਰਾਨ ਢਾਡੀ ਗੁਰਦੀਪ ਸਿੰਘ ਉੜਾਪੜ ਦੇ ਜਥੇ ਨੇ ਸੰਗਤਾਂ ਨੂੰ ਭਗਵਾਨ ਵਿਸ਼ਵਕਰਮਾ ਅਤੇ ਜੱਸਾ ਸਿੰਘ ਰਾਮਗੜ੍ਹੀਆ ਦੇ ਇਤਿਹਾਸ ਤੋਂ ਜਾਣੂ ਕਰਵਾਇਆ | ਅਖੀਰ ਵਿਚ ਲੋਕ ਗਾਇਕ ਹਰਿੰਦਰ ਸੰਧੂ ਨੇ ਸੰਗਤਾਂ ਦੇ ਭਰਵੇਂ ਇਕੱਠ ਦੌਰਾਨ ਧਾਰਮਿਕ ਗੀਤ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਭਗਵਾਨ ਵਿਸ਼ਵਕਰਮਾ ਦੀ ਮਹਿਮਾ ਦਾ ਗੁਣਗਾਨ ਕੀਤਾ ਤੇ ਆਪਣੇ ਸੱਭਿਅਕ ਅਤੇ ਸਮਾਜਿਕ ਗੀਤਾਂ ਭਰਵੀਂ ਹਾਜ਼ਰੀ ਲਵਾਈ | ਸਮਾਗਮ ਦੌਰਾਨ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਅਤੇ ਭਾਜਪਾ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਸੰਗਤਾਂ ਨੂੰ ਭਗਵਾਨ ਵਿਸ਼ਵਕਰਮਾ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆ ਆਪਣੇ ਵਲੋਂ ਸਭਾ ਨੂੰ ਮਾਇਕ ਮਦਦ ਭੇਟ ਕੀਤੀ | ਸਮਾਗਮ ਦੌਰਾਨ ਸਾਬਕਾ ਮੈਂਬਰ ਪਾਰਲੀਮੈਂਟ ਅਵਿਨਾਸ਼ ਰਾਏ ਖੰਨਾ, ਬਸਪਾ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਅਮਰਪ੍ਰੀਤ ਸਿੰਘ ਲਾਲੀ, ਜਥੇਦਾਰ ਬਲਵੀਰ ਸਿੰਘ ਚੰਗਿਆੜਾ, ਪ੍ਰਣਵ ਕ੍ਰਿਪਾਲ ਤੇ ਹੋਰ ਬੁਲਾਰਿਆਂ ਨੇ ਸੰਗਤਾਂ ਨੂੰ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੱਤੀ | ਸਮਾਗਮ ਵਿਚ ਸਭਾ ਦੇ ਪ੍ਰਧਾਨ ਜੋਗਿੰਦਰ ਸਿੰਘ ਰਐਤ ਵਲੋਂ ਪਹੁੰਚੀਆਂ ਸ਼ਖਸੀਅਤਾਂ ਦਾ ਸਿਰੋਪਾਓ ਨਾਲ ਸਨਮਾਨ ਕਰਦਿਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਸਮਾਗਮ ਦੌਰਾਨ ਸਭਾ ਦੇ ਪ੍ਰਧਾਨ ਜੋਗਿੰਦਰ ਸਿੰਘ ਰਐਤ, ਜਨਰਲ ਸਕੱਤਰ ਭੁਪਿੰਦਰ ਸਿੰਘ ਸੈਂਹਬੀ, ਕੈਸ਼ੀਅਰ ਮਹਿੰਦਰ ਸਿੰਘ ਅਤੇ ਸਮੂਹ ਮੈਂਬਰਾਂ ਤੋਂ ਇਲਾਵਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਸ਼ੂਕਾ, ਜਸਵੰਤ ਸਿੰਘ ਭੱਠਲ, ਪਰਮਜੀਤ ਸਿੰਘ ਬਾਰਾਪੁਰੀ, ਬਲਦੇਵ ਰਾਜ ਖੇਪੜ, ਗੀਤਕਾਰ ਜਰਨੈਲ ਚੱਕ ਹਾਜੀਪੁਰ ਤੇ ਵੱਡੀ ਗਿਣਤੀ 'ਚ ਸੰਗਤਾਂ ਨੇ ਸਮਾਗਮ 'ਚ ਹਾਜ਼ਰੀ ਭਰੀ | ਸਟੇਜ ਦੀ ਕਾਰਵਾਈ ਮਨਜੀਤ ਲੱਲੀਆਂ ਵਲੋਂ ਬਾਖੂਬੀ ਚਲਾਈ ਗਈ |