ਪੱਸੀ ਕੰਢੀ, 23 ਅਕਤੂਬਰ (ਜਗਤਾਰ ਸਿੰਘ ਰਜਪਾਲਮਾ)-ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਬਲਵੀਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਜਗਦੀਪ ਸਿੰਘ ਜ਼ਿਲ੍ਹਾ ਐਪੀਡੀਮੋਲੋਜਿਸਟ, ਡਾਕਟਰ ਸਲੇਸ਼ ਜਿਲ੍ਹਾ ਐਪੀਡੀਮੋਲੋਜਿਸਟ (ਆਈ. ਡੀ. ਐਸ. ਪੀ) ਅਤੇ ਐੱਸ. ਐੱਮ. ਓ ਡਾਕਟਰ ਰੋਹਿਤ ਬਰੁਟਾ ਅਤੇ ਡਾਕਟਰ ਸੰਦੀਪ ਕੌਰ ਪੀ. ਐਚ. ਸੀ ਮੰਡ ਭੰਡੇਰ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਸਾਰਪੁਰ- ਮੱਕੋਵਾਲ ਵਿਖੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ ਨੇ ਵਿਦਿਆਰਥੀਆਂ ਨੂੰ ਤੰਬਾਕੂ ਦੇ ਹਾਨੀਕਾਰਕ ਪ੍ਰਭਾਵਾਂ ਸੰਬੰਧੀ ਵਿਸਥਾਰ ਸਹਿਤ ਦੱਸਿਆ | ਤੰਬਾਕੂਨੋਸ਼ੀ ਦੇ ਸਿਹਤ ਤੇ ਵਾਤਾਵਰਨ ਉੱਤੇ ਹੋਣ ਵਾਲੇ ਨੁਕਸਾਨ ਬਾਰੇ ਵੀ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਤੰਬਾਕੂ ਉਤਪਾਦਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ | ਕੋਟਪਾ ਐਕਟ 2003 ਸੰਬੰਧੀ ਵੀ ਜਾਗਰੂਕ ਕੀਤਾ ਗਿਆ | ਤੰਬਾਕੂ ਦੀ ਵਰਤੋਂ ਨਾਲ ਕੈਂਸਰ, ਦਿਲ ਦੀਆਂ ਬਿਮਾਰੀਆਂ ਅਤੇ ਸਾਹ ਦੀਆਂ ਸਮੱਸਿਆਵਾਂ ਜਿਹੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ | ਅਸੀਂ ਤੰਬਾਕੂ ਦੀ ਭੈੜੀ ਅਲਾਮਤ ਤੋਂ ਦੂਰ ਰਹਿਣ ਅਤੇ ਹੋਰਾਂ ਨੂੰ ਵੀ ਇਸ ਤੋਂ ਬਚਾਉਣ ਲਈ ਜਾਗਰੂਕਤਾ ਫੈਲਾਉਣ ਦਾ ਪ੍ਰਣ ਕਰੀਏ ਤਾਂ ਜੋ ਸਮਾਜ ਨੂੰ ਤੰਬਾਕੂ ਮੁਕਤ ਬਚਾਇਆ ਜਾ ਸਕੇ | ਬੀੜੀ ਸਿਗਰਟ ਦੀ ਵਰਤੋਂ ਨਾ ਸਿਰਫ਼ ਪੀਣ ਵਾਲੇ ਵਿਅਕਤੀਆਂ ਨੂੰ ਪ੍ਰਭਾਵਿਤ ਕਰਦੀ ਹੈ, ਸਗੋਂ ਇਸ ਦਾ ਧੂੰਆਂ ਨਾ ਪੀਣ ਵਾਲੇ ਵਿਅਕਤੀ ਦੀ ਸਿਹਤ ਤੇ ਵੀ ਮਾੜਾ ਪ੍ਰਭਾਵ ਪਾਉਂਦਾ ਹੈ | ਤੰਬਾਕੂ ਕੰਟਰੋਲ ਐਕਟ 2003 ਦੇ ਅਨੁਸਾਰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਉਤਪਾਦ ਵੇਚਣ ਅਤੇ ਕਿਸੇ ਵਿਦਿਅਕ ਸੰਸਥਾ ਦੇ 100 ਗਜ ਦੇ ਘੇਰੇ ਵਿੱਚ ਸਿਗਰਟ ਅਤੇ ਹੋਰ ਤੰਬਾਕੂ ਉਤਪਾਦਾਂ ਦੇ ਸੇਵਨ, ਵਿਕਰੀ ਕਰਨ ਤੇ ਰੋਕ ਹੈ ਅਤੇ ਬਾਅਦ ਵਿੱਚ ਵਿਦਿਆਰਥੀਆਂ ਤੰਬਾਕੂ ਦੀ ਵਰਤੋ ਨਾ ਕਰਨ ਦੀ ਕਸਮ ਚੁਕਾਈ ਗਈ | ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ, ਕਾਰਜਕਾਰੀ ਪਿ੍ੰਸੀਪਲ ਵਰਿੰਦਰ ਸਿੰਘ, ਸਿਹਤ ਨੋਡਲ ਅਫ਼ਸਰ ਜਗਦੀਪ ਸਿੰਘ, ਮੈਡਮ ਪ੍ਰੀਤ ਕਮਲ, ਮੈਡਮ ਰਮਨ ਕੁਮਾਰੀ ਅਤੇ ਸਕੂਲ ਵਿਦਿਆਰਥੀ ਹਾਜ਼ਰ ਸਨ |