ਮੁਕੇਰੀਆਂ, 23 ਅਕਤੂਬਰ (ਰਾਮਗੜ੍ਹੀਆ)- ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਾ ਮੁਕੇਰੀਆਂ ਹਮੇਸ਼ਾ ਤੋਂ ਹੀ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਸੰਪੂਰਨ ਵਿਕਾਸ ਲਈ ਸਮਰਪਿਤ ਰਿਹਾ ਹੈ ਜੋ ਉਨ੍ਹਾਂ ਦੀ ਅਕਾਦਮਿਕ ਤਰੱਕੀ ਦੇ ਨਾਲ-ਨਾਲ ਉਨ੍ਹਾਂ ਦੀ ਮਾਨਸਿਕ ਅਤੇ ਭਾਵਨਾਤਮਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਦਾ ਹੈ | ਵਿਸ਼ਵ ਮਾਨਸਿਕ ਸਿਹਤ ਦਿਵਸ ਦੇ ਮੌਕੇ 'ਤੇ ਸਟੂਡੈਂਟ ਡਿਵੈਲਪਮੈਂਟ ਸੈਂਟਰ ਨੇ ਵੱਖ-ਵੱਖ ਵਿਦਿਆਰਥੀ ਭਲਾਈ ਕਮੇਟੀਆਂ ਸਟੂਡੈਂਟ ਗਰੀਵੇਂਸ ਸੈੱਲ, ਐਂਟੀ-ਰੈਗਿੰਗ ਕਮੇਟੀ, ਸਟੂਡੈਂਟ ਕੌਂਸਲ ਕਮੇਟੀ, ਰੈੱਡ ਰਿਬਨ ਕਲੱਬ ਅਤੇ ਯੂਥ ਕਲੱਬ ਦੇ ਸਹਿਯੋਗ ਨਾਲ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਇੰਟਰਐਕਟਿਵ-ਕਮ-ਡਿਸਕਸ਼ਨ ਸੈਸ਼ਨ ਕਰਵਾਇਆ ਗਿਆ | ਇਹ ਪਹਿਲ ਕਾਲਜ ਦੇ ਪਿ੍ੰਸੀਪਲ, ਡਾ. ਸਮੀਰ ਸ਼ਰਮਾ ਦੀ ਅਗਵਾਈ ਅਤੇ ਮਾਰਗ ਦਰਸ਼ਨ ਹੇਠ ਕੀਤੀ ਗਈ | ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਸਿਹਤਮੰਦ ਅਤੇ ਮਜ਼ਬੂਤ ਮੰਨ ਨੂੰ ਬਣਾਈ ਰੱਖਣਾ ਵਿਦਿਆਰਥੀਆਂ ਲਈ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ ਕਿਉਂਕਿ ਇਹ ਜੀਵਨ ਦੇ ਹਰ ਪਹਿਲੂ ਵਿਚ ਸਫਲਤਾ ਦੀ ਨੀਂਹ ਹੈ | ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀ ਪ੍ਰੀਸ਼ਦ ਦੇ ਮੈਂਬਰਾਂ ਅਤੇ ਵੱਖ-ਵੱਖ ਵਿਭਾਗਾਂ ਦੇ ਕਲਾਸ ਪ੍ਰਤੀਨਿਧੀਆਂ ਨੇ ਪਿ੍ੰਸੀਪਲ ਡਾ. ਸਮੀਰ ਸ਼ਰਮਾ ਤੇ ਕਮੇਟੀ ਮੈਂਬਰਾਂ ਨਾਲ ਸਾਰਥਿਕ ਚਰਚਾ ਕੀਤੀ | ਡਾ. ਸ਼ਰਮਾ ਨੇ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਸੁਰੱਖਿਆ, ਕੈਰੀਅਰ ਨਿਰਮਾਣ ਅਤੇ ਨਿੱਜੀ ਵਿਕਾਸ ਵਰਗੇ ਰਚਨਾਤਮਿਕ ਟੀਚਿਆਂ 'ਤੇ ਧਿਆਨ ਕੇਂਦਰਿਤ ਕਰਨ ਲਈ ਉਤਸ਼ਾਹਿਤ ਕੀਤਾ | ਸਟੂਡੈਂਟ ਡਿਵੈਲਪਮੈਂਟ ਸੈੱਲ ਅਤੇ ਸਟੂਡੈਂਟ ਗ੍ਰੀਵੇਂਸ ਸੈੱਲ ਦੇ ਇੰਚਾਰਜ ਡਾ. ਗੁਰਪ੍ਰੀਤ ਕੌਰ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਦਾਹਰਨਾਂ ਰਾਹੀਂ ਉਨ੍ਹਾਂ ਨੂੰ ਸਕਾਰਾਤਮਿਕ ਮਾਨਸਿਕਤਾ ਬਣਾਈ ਰੱਖਣ, ਧਿਆਨ ਕੇਂਦਰਿਤ ਕਰਨ ਅਤੇ ਬਾਹਰੀ ਪ੍ਰਭਾਵਾਂ ਤੋਂ ਭਟਕੇ ਬਿਨਾਂ ਪੂਰੇ ਦਿਲ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ | ਐਂਟੀ-ਰੈਗਿੰਗ ਕਮੇਟੀ ਦੇ ਇੰਚਾਰਜ ਡਾ. ਅਮਰਿੰਦਰ ਕੌਰ ਨੇ ਰੈਗਿੰਗ ਦੇ ਗੰਭੀਰ ਮਨੋਵਿਗਿਆਨਕ ਪ੍ਰਭਾਵਾਂ ਅਤੇ ਕਾਲਜ ਦੇ ਵਾਤਾਵਰਣ 'ਤੇ ਇਸ ਦੇ ਨਕਾਰਾਤਮਿਕ ਪ੍ਰਭਾਵ ਨੂੰ ਉਜਾਗਰ ਕੀਤਾ | ਰੈੱਡ ਰਿਬਨ ਕਲੱਬ ਅਤੇ ਯੂਥ ਕਲੱਬ ਦੀ ਇੰਚਾਰਜ ਪ੍ਰੋ. ਅਨੁਰਾਧਾ ਨੇ ਸੋਸ਼ਲ ਮੀਡੀਆ ਦੀ ਜ਼ਿੰਮੇਵਾਰ ਵਰਤੋਂ 'ਤੇ ਜ਼ੋਰ ਦਿੱਤਾ | ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਅਤੇ ਸਟੂਡੈਂਟ ਵੈੱਲਫੇਅਰ ਕਮੇਟੀ ਦੇ ਸਰਗਰਮ ਮੈਂਬਰ ਡਾ. ਚੰਦਰ ਸ਼ੇਖਰ ਨੇ ਮਾਨਸਿਕ ਅਤੇ ਸਰੀਰਕ ਸਿਹਤ ਬਣਾਈ ਰੱਖਣ ਵਿਚ ਖੇਡਾਂ ਅਤੇ ਕਸਰਤ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ | ਸਟੂਡੈਂਟ ਕੌਂਸਲ ਦੇ ਇੰਚਾਰਜ ਡਾ. ਅੰਜਨਾ ਡਡਵਾਲ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਮਾਨਸਿਕ ਸਥਿਰਤਾ ਅਤੇ ਭਾਵਨਾਤਮਕ ਲਚਕਤਾ ਦੀ ਮਹੱਤਤਾ 'ਤੇ ਚਰਚਾ ਕੀਤੀ | ਪ੍ਰੋ. ਰੇਖਾ ਰਾਣੀ ਜੋ ਵੱਖ-ਵੱਖ ਸਕਾਲਰਸ਼ਿਪ ਸਕੀਮਾਂ ਅਤੇ ਵਿੱਤੀ ਸਹਾਇਤਾ ਪ੍ਰੋਗਰਾਮਾਂ ਵਿਚ ਸਰਗਰਮ ਭੂਮਿਕਾ ਨਿਭਾਉਂਦੇ ਹਨ, ਨੇ ਵਿਦਿਆਰਥੀਆਂ ਨੂੰ ਸਰਕਾਰੀ ਅਤੇ ਸੰਸਥਾਗਤ ਸਕਾਲਰਸ਼ਿਪਾਂ ਦਾ ਲਾਭ ਕਿਵੇਂ ਲੈਣਾ ਹੈ, ਦੇ ਬਾਰੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ | ਐੱਸ.ਪੀ.ਐਨ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਇੰਚਾਰਜ ਪ੍ਰੋ. ਮਨਦੀਪ ਕੌਰ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਪੀ ਅਰ ਮੈਂਟਰਸ਼ਿਪ ਦੀ ਮਹੱਤਤਾ 'ਤੇ ਚਾਨਣਾ ਪਾਇਆ | ਸੈਸ਼ਨ ਦੀ ਸਮਾਪਤੀ ਸਕਾਰਾਤਮਿਕ ਵਾਤਾਵਰਨ ਵਿਚ ਹੋਈ ਜਿਸ ਵਿਚ ਵਿਦਿਆਰਥੀਆਂ ਨੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਸੁਯੋਗ ਮਾਰਗ ਦਰਸ਼ਨ ਲਈ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ | ਉਨ੍ਹਾਂ ਸੰਕਲਪ ਲਿਆ ਕਿ ਉਹ ਇਕ ਸਕਾਰਾਤਮਿਕ ਦਿ੍ਸ਼ਟੀਕੋਣ ਅਪਣਾਉਣਗੇ, ਇਕ ਸਿਹਤਮੰਦ ਅਤੇ ਸਹਿਯੋਗੀ ਕਾਲਜ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਵਿਚ ਇਕ ਸਰਗਰਮ ਭੂਮਿਕਾ ਨਿਭਾਉਣਗੇ |