ਹੁਸ਼ਿਆਰਪੁਰ, 23 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਸੀਨੀਅਰ ਸਿਟੀਜ਼ਨਾਂ ਦਾ ਇਕ ਵਫ਼ਦ ਏਕ ਜੋਤ ਸੇਵਾ ਸੰਮਤੀ ਜਗਤਪੁਰਾ ਦੇ ਸਰਪ੍ਰਸਤ ਕੁਲਦੀਪ ਸਿੰਘ ਸਟੇਟ ਐਵਾਰਡੀ, ਜਰਨੈਲ ਸਿੰਘ ਧੀਰ ਸਟੇਟ ਐਵਾਰਡੀ ਤੇ ਸਮਾਜ ਸੇਵਿਕਾ ਮਧੂ ਸ਼ਰਮਾ ਦੀ ਅਗਵਾਈ 'ਚ ਮਾਨਸਿਕ ਰੋਗਾਂ ਦੇ ਮਾਹਰ ਡਾ. ਰਾਜ ਕੁਮਾਰ ਨੂੰ ਮਿਲਿਆ | ਵਫ਼ਦ ਵਲੋਂ ਇੰਟੀਲੈਕਚੁਅਲ ਡਿਸਏਬਲਟੀ (ਬੁੱਧੀ ਦਿਵਿਆਂਗਤਾ) ਮੈਡੀਕਲ ਸਰਟੀਫਿਕੇਟ ਸੰਬੰਧੀ ਪੇਸ਼ ਆ ਰਹੀਆਂ ਸਮੱਸਿਆਵਾਂ ਸੰਬੰਧੀ ਵਿਸਥਾਰ ਪੂਰਵਕ ਵਿਚਾਰ ਕੀਤਾ | ਉਨ੍ਹਾਂ ਦੱਸਿਆ ਕਿ ਬੁੱਧੀ ਸੰਬੰਧੀ ਦਿਵਿਆਂਗਤਾ ਮੈਡੀਕਲ ਸਰਟੀਫਿਕੇਟ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਹੀ ਜਾਰੀ ਕੀਤਾ ਜਾਂਦਾ ਹੈ ਜੇਕਰ ਕਿਤੇ ਕੋਈ, ਕਮੀ ਨਜ਼ਰ ਆਉਂਦੀ ਹੈ ਤਾਂ ਤੁਸੀਂ ਉਸ ਦਾ ਦੁਬਾਰਾ ਮੈਡੀਕਲ ਕਰਨ ਲਈ, ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਹੁਸ਼ਿਆਰਪੁਰ ਨੂੰ ਲਿਖ ਸਕਦੇ ਹੋ | ਇਸ ਮੌਕੇ ਡਾ. ਰਾਜ ਕੁਮਾਰ ਨੂੰ ਉਨ੍ਹਾਂ ਦੀਆਂ ਮਰੀਜ਼ਾਂ ਪ੍ਰਤੀ ਸ਼ਾਨਦਾਰ ਸੇਵਾਵਾਂ ਅਤੇ ਉਨ੍ਹਾਂ ਵਲੋਂ ਕੀਤੇ ਗਏ ਹੋਰ ਯੋਗ ਕਾਰਜਾਂ ਨੂੰ ਦੇਖਦਿਆਂ ਹੋਇਆ, ਪੰਜਾਬ ਸਰਕਾਰ ਵਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕਰਨ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਆਮ ਲੋਕਾਂ ਅਤੇ ਮਰੀਜ਼ਾਂ ਪ੍ਰਤੀ ਵਰਤਾਓ ਦੀ ਸ਼ਲਾਘਾ ਕੀਤੀ | ਇਸ ਮੌਕੇ ਵਫ਼ਦ ਵਲੋਂ ਡਾ. ਰਾਜ ਕੁਮਾਰ ਨੂੰ ਸਨਮਾਨਿਤ ਕੀਤਾ |