ਹੁਸ਼ਿਆਰਪੁਰ, 23 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਸਏਬਲਡ ਪਰਸਨ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਦਿਵਿਆਂਗ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ | ਦਿਵਿਆਂਗ ਲੋਕਾਂ ਨੂੰ ਬਰਾਬਰਤਾ ਦਾ ਅਧਿਕਾਰ ਦਿਵਾਉਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ ਤੇ ਉਨ੍ਹਾਂ ਦੇ ਹੁਨਰ ਨੂੰ ਸਮਾਜ ਅੱਗੇ ਪੇਸ਼ ਕਰਨ ਲਈ ਨਿਵੇਕਲੇ ਉਪਰਾਲੇ ਵੀ ਸਮੇਂ ਸਮੇਂ ਤੇ ਕੀਤੇ ਜਾਂਦੇ ਹਨ | ਸੁਸਾਇਟੀ ਦੀ ਮੀਟਿੰਗ ਪ੍ਰਧਾਨ ਸੰਦੀਪ ਸ਼ਰਮਾ ਅਤੇ ਜਨਰਲ ਸਕੱਤਰ ਰਾਜ ਕੁਮਾਰ ਦੀ ਅਗਵਾਈ ਵਿਚ ਕੀਤੀ ਗਈ | ਇਸ ਮੀਟਿੰਗ 'ਚ ਸੁਸਾਇਟੀ ਵੱਲੋਂ ਨਵੰਬਰ ਮਹੀਨੇ ਵਿਚ ਹੋਣ ਵਾਲੇ ਅੰਤਰਰਾਜੀ ਬਲਾਇੰਡ ਟੀ-20 ਕਿ੍ਕਟ ਟੂਨਾਮੈਂਟ 'ਚ 4 ਟੀਮਾਂ ਨੂੰ ਬੁਲਾਉਣ ਦਾ ਫੈਸਲਾ ਲਿਆ ਗਿਆ | ਇਸ ਵਾਰ ਟੂਰਨਾਮੈਂਟ ਵਿਚ ਪੰਜਾਬ, ਹਰਿਆਣਾ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੀਆਂ ਟੀਮਾਂ ਭਾਗ ਲੈਣਗੀਆਂ | ਸੁਸਾਇਟੀ ਦੇ ਕਾਰਜਕਾਰੀ ਮੈਂਬਰ ਦੀਪਕ ਸ਼ਰਮਾ ਅਤੇ ਪਵਨ ਕੁਮਾਰ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਕਰਵਾਏ ਜਾ ਰਹੇ ਇਸ ਟੂਰਨਾਮੈਂਟ 'ਚ ਚਾਰ ਟੀਮਾਂ ਦੇ 6 ਮੈਚ ਖੇਡੇ ਜਾਣਗੇ | ਲਗਾਤਾਰ ਦੋ ਮੈਚ ਜਿੱਤਣ ਵਾਲੀ ਟੀਮ ਨੂੰ ਫਾਈਨਲ ਮੈਚ ਖਿਡਾਇਆ ਜਾਵੇਗਾ | ਲੈਕਚਰਾਰ ਪ੍ਰਭਜੋਤ ਸਿੰਘ ਵੱਲੋਂ ਸਕੂਲਾਂ ਵਿੱਚ ਕੰਮ ਕਰਦੇ ਸਰੀਰਕ ਸਿੱਖਿਆ ਅਧਿਆਪਕਾਂ ਦੀਆਂ ਡਿਊਟੀਆਂ ਸਬੰਧੀ ਵੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਰਾਜ ਕੁਮਾਰ ਕੈਸ਼ੀਅਰ ਕਮ ਜਨਜਲ ਸਕੱਤਰ, ਅਮਰੀਕ ਸਿੰਘ ,ਪਵਨ ਕੁਮਾਰ, ਰਾਜਦੀਪ ਸਿੰਘ, ਕੇਵਲ ਤੱਖੀ, ਪ੍ਰਭਜੋਤ ਸਿੰਘ ਅਤੇ ਕੁਲਜੀਤ ਬੰਗੜ ਹਾਜਰ ਸਨ |