ਮੁਕੇਰੀਆਂ, 23 ਅਕਤੂਬਰ (ਰਾਮਗੜ੍ਹੀਆ)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ 1000 ਹਜ਼ਾਰ ਕੁਇੰਟਲ ਕਣਕ ਦੇ ਬੀਜ ਭੇਜੇ ਜਾਣ 'ਤੇ ਜ਼ਿਲ੍ਹਾ ਪ੍ਰਧਾਨ ਅਜੈ ਕੌਸ਼ਲ ਸੇਠੂ ਨੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਬੀਜ ਭੇਜ ਕੇ ਉੱਤਰ ਪ੍ਰਦੇਸ਼ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਤੋਂ ਬਾਅਦ ਕੇਂਦਰ ਤੋਂ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਦਿੱਤਿਆਨਾਥ ਵੱਲੋਂ ਭੇਜੇ ਗਏ ਕਣਕ ਦੇ ਬੀਜ ਬੀ.ਬੀ.-327 ਪ੍ਰਤੀ ਰੋਧਕ ਹਨ, ਜੋ ਕਿ ਬਿਮਾਰੀ ਪ੍ਰਤੀ ਰੋਧਕ ਹੈ ਤੇ ਜੋ ਸਿਰਫ਼ 155 ਦਿਨਾਂ ਵਿਚ ਪੱਕ ਜਾਂਦਾ ਹੈ ਤੇ ਪ੍ਰਤੀ ਹੈਕਟੇਅਰ 80 ਕੁਇੰਟਲ ਤੱਕ ਝਾੜ ਦੇ ਸਕਦਾ ਹੈ | ਇਹ ਕਣਕ ਦਾ ਬੀਜ ਮੁਫ਼ਤ ਵੰਡਿਆ ਜਾਵੇਗਾ, ਤਾਂ ਜੋ ਪ੍ਰਭਾਵਿਤ ਕਿਸਾਨ ਖੇਤੀ ਦੁਬਾਰਾ ਸ਼ੁਰੂ ਕਰ ਸਕਣ ਤੇ ਆਪਣੀ ਰੋਜ਼ੀ-ਰੋਟੀ ਮੁੜ ਸ਼ੁਰੂ ਕਰ ਸਕਣ | ਜ਼ਿਲ੍ਹਾ ਪ੍ਰਧਾਨ ਅਜੈ ਕੌਸ਼ਲ ਸੇਠੂ ਨੇ ਕਿਹਾ ਕਿ ਇਸ ਤੋਂ ਪਹਿਲਾਂ, ਮੋਦੀ ਸਰਕਾਰ ਨੇ ਪੰਜਾਬ ਦੇ 36,703 ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਪ੍ਰਤੀ ਘਰ 160,000 ਰੁਪਏ ਦਾ ਮੁਆਵਜ਼ਾ ਭੇਜਿਆ ਸੀ | ਇਸ ਤੋਂ ਇਲਾਵਾ, ਕੇਂਦਰ ਸਰਕਾਰ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਫ਼ਤ ਕਣਕ ਦੇ ਬੀਜ ਲਈ 74 ਕਰੋੜ ਰੁਪਏ ਅਤੇ ਮੁਫ਼ਤ ਸਰ੍ਹੋਂ ਦੇ ਬੀਜ ਲਈ 32.4 ਮਿਲੀਅਨ ਰੁਪਏ ਭੇਜੇ ਹਨ |