ਮੁਕੇਰੀਆਂ, 6 ਨਵੰਬਰ (ਰਾਮਗੜ੍ਹੀਆ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਵਿੱਤਰ ਵੇਈਾ ਦੇ ਮੁੱਖ ਸਰੋਤ ਪਿੰਡ ਧਨੋਆ ਤਹਿਸੀਲ ਮੁਕੇਰੀਆਂ ਤੋਂ ਨਗਰ ਕੀਰਤਨ ਮਿਤੀ 9 ਨਵੰਬਰ 2025 ਨੂੰ ਸਜਾਇਆ ਜਾ ਰਿਹਾ ਹੈ | ਜਾਣਕਾਰੀ ਸਾਂਝੀ ਕਰਦਿਆਂ ਇੰਜ. ਸਤਨਾਮ ਸਿੰਘ ਧਨੋਆ, ਸ. ਮਨਸਿਮਰਨ ਸਿੰਘ ਸਰਪੰਚ ਪਿੰਡ ਧਨੋਆ, ਕੈਪਟਨ ਸੁਖਵਿੰਦਰ ਸਿੰਘ ਸੋਢੀ ਅਤੇ ਸਰਬਜੀਤ ਸਿੰਘ ਟਿੰਕੂ ਮੈਂਬਰ ਪੰਚਾਇਤ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਨਗਰ ਕੀਰਤਨ ਵਿਚ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਪਾਰਲੀਮੈਂਟ ਜਿੱਥੇ ਆਪਣੇ ਸਾਥੀਆਂ ਸਮੇਤ ਉਚੇਚੇ ਤੌਰ 'ਤੇ ਸ਼ਾਮਿਲ ਹੋਣਗੇ ਉੱਥੇ ਹੀ ਇਲਾਕੇ ਦੀਆਂ ਸੰਗਤਾਂ ਵੀ ਬਹੁਤ ਉਤਸ਼ਾਹ ਨਾਲ ਸ਼ਾਮਿਲ ਹੋਣਗੀਆਂ | ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਸੰਗਤਾਂ ਦੀ ਸ਼ਮੂਲੀਅਤ ਇਕ ਬਹੁਤ ਵਧੀਆ ਦਿੱਖ ਅਤੇ ਨਜ਼ਾਰਾ ਪੇਸ਼ ਕਰਦੀ ਹੈ ਜਿਸ ਵਿਚ ਵੇਈਾ ਦੇ ਨਾਲ ਵੱਸਦੇ ਪਿੰਡਾਂ ਧਨੋਆ, ਹਿੰਮਤਪੁਰ, ਸਤਾਬਕੋਟ, ਵਧਾਈਆ, ਟੇਰਕਿਆਣਾ, ਛੁਰੀਆ ਤੋਂ ਹੁੰਦਾ ਹੋਇਆ ਕਈ ਪਿੰਡਾਂ ਵਿਚੋਂ ਦੀ ਗੁਜ਼ਰਦਾ ਹੋਇਆ ਕੁਟੀਆ ਗਾਲੋਵਾਲ ਵਿਖੇ ਸਮਾਪਤ ਹੋਵੇਗਾ | ਸਮੁੱਚੀਆਂ ਪਾਰਟੀਆਂ ਦੇ ਨੇਤਾ ਤੇ ਹਰ ਵਰਗ ਦੀ ਨੁਮਾਇੰਦਗੀ ਕਰਦੇ ਲੋਕ ਇਸ ਨਗਰ ਕੀਰਤਨ ਵਿਚ ਹਾਜ਼ਰੀ ਭਰਦੇ ਹਨ ਅਤੇ ਇਸ ਵਾਰ ਵੀ ਭਰਨਗੇ | ਉਨ੍ਹਾਂ ਦੱਸਿਆ ਕਿ ਪਿੰਡ ਦੇ ਗੁਰਦੁਆਰਾ ਚੜ੍ਹਦੀ ਪਤੀ ਵਿਖੇ 7 ਨਵੰਬਰ ਨੂੰ ਅਖੰਡ ਪਾਠ ਅਰੰਭ ਹੋਣਗੇ ਤੇ 9 ਨਵੰਬਰ ਨੂੰ ਸਵੇਰੇ 7 ਵਜੇ ਭੋਗ ਪਾਉਣ ਉਪਰੰਤ ਨਗਰ ਕੀਰਤਨ ਅਰੰਭ ਹੋਵੇਗਾ |