ਤਲਵਾੜਾ, 3 ਦਸਬੰਰ (ਐੱਚ. ਐੱਸ. ਮਿੱਠੂ)- ਭਾਖੜਾ ਬਿਆਸ ਪ੍ਰਬੰਧ ਬੋਰਡ ਦੀ ਪਹਿਲਕਦਮੀ ਤਹਿਤ ਤਲਵਾੜਾ ਦੇ ਬੀ.ਬੀ.ਐਮ.ਬੀ. ਹਸਪਤਾਲ ਵਿਚ 11 ਦਸੰਬਰ 2025 ਨੂੰ ਪੰਜਾਬ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਰਮਨ ਚਾਵਲਾ (ਡੀ.ਐਮ. ਕਾਰਡੀਓਲੋਜੀਸਟ) ਜਿਨ੍ਹਾਂ ਦਾ 35 ਸਾਲ ਦਾ ਅਨੁਭਵ ਹੈ, ਦੀ ਅਗਵਾਈ ਵਿਚ ਦਿਲ ਦੇ ਰੋਗਾਂ ਦੀ ਜਾਂਚ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ | ਇਹ ਜਾਣਕਾਰੀ ਬੀ.ਬੀ.ਐਮ.ਬੀ. ਤਲਵਾੜਾ ਦੇ ਮੁੱਖ ਇੰਜੀਨੀਅਰ ਰਾਕੇਸ਼ ਗੁਪਤਾ ਨੇ ਦਿੱਤੀ ਹੈ | ਉਨ੍ਹਾਂ ਨੇ ਦੱਸਿਆ ਕਿ ਇਸ ਕੈਂਪ ਵਿਚ ਸਟਾਫ਼ ਤੋਂ ਇਲਾਵਾ ਇਲਾਕੇ ਦੇ ਆਮ ਲੋਕ ਵੀ ਪਹੰੁਚ ਸਕਦੇ ਹਨ ਅਤੇ ਇਸ ਮੁਫ਼ਤ ਕੈਂਪ ਦਾ ਲਾਭ ਲੈ ਸਕਦੇ ਹਨ | ਇਸ ਵਿਚ ਮਾਹਿਰ ਡਾਕਟਰਾਂ ਵਲੋਂ ਦਿਲ ਦੇ ਰੋਗਾਂ ਸਬੰਧੀ ਮੁਫ਼ਤ ਜਾਂਚ ਕੀਤੀ ਜਾਵੇਗੀ ਅਤੇ ਜ਼ਰੂਰਤ ਅਨੁਸਾਰ ਦਵਾਈਆਂ ਵੀ ਦਿੱਤੀਆਂ ਜਾਣਗੀਆਂ | ਸਟਾਫ਼ ਤੋਂ ਇਲਾਵਾ ਇਲਾਕੇ ਦੇ ਹੋਰ ਸਾਰੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ 11 ਦਸੰਬਰ ਨੂੰ ਬੀ.ਬੀ.ਐਮ.ਬੀ. ਹਸਪਤਾਲ ਵਿਚ ਸਵੇਰੇ 10 ਤੋਂ ਬਾਅਦ ਦੁਪਹਿਰ 2 ਵਜੇ ਤੱਕ ਲੱਗਣ ਵਾਲੇ ਇਸ ਕੈਂਪ ਵਿਚ ਪਹੁੰਚ ਕੇ ਉਹ ਵੱਧ ਤੋਂ ਵੱਧ ਇਸ ਕੈਂਪ ਦਾ ਲਾਹਾ ਲੈਣ | ਕੈਂਪ ਲਈ ਰਜਿਸਟਰੇਸ਼ਨ ਸਵੇਰੇ 9 ਵਜੇ ਸ਼ੁਰੂ ਹੋ ਜਾਵੇਗੀ ਅਤੇ ਪਹਿਲਾ ਆਓ ਪਹਿਲਾਂ ਪਾਓ ਦੇ ਅਧਾਰ 'ਤੇ ਜਾਂਚ ਕੀਤੀ ਜਾਵੇਗੀ | ਉਨ੍ਹਾਂ ਨੇ ਕਿਹਾ ਕਿ ਵਰਤਮਾਨ ਜੀਵਨ ਸ਼ੈਲੀ ਦੇ ਮੱਦੇਨਜਰ 40 ਤੋਂ ਵੱਡੀ ਉਮਰ ਦੇ ਹਰੇਕ ਵਿਅਕਤੀ ਨੂੰ ਨਿਯਮਤ ਤੌਰ 'ਤੇ ਦਿਲ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ |