ਜਗਰਾਉਂ, 15 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਕਾਲੇ ਅੰਗਰੇਜਾਂ ਨੇ ਜਮਹੂਰੀ ਹੱਕਾਂ ਨੂੰ ਪੈਰਾਂ ਹੇਠ ਲਤਾੜਣ, ਮਨੁੱਖੀ ਹੱਕਾਂ ਦਾ ਸਭ ਤੋਂ ਵੱਧ ਘਾਣ ਕੀਤਾ ਹੈ | ਅੰਗਰੇਜਾਂ ਨੇ ਜਲਿ੍ਹਆਂਵਾਲਾ ਬਾਗ ਵਿਚ ਜੋ ਦਰਦਨਾਕ ਘਟਨਾ ਨੂੰ ਅੰਜਾਮ ਦਿੱਤਾ ਸੀ, 1947 ਤੋਂ ਦੇਸ਼ ਆਜ਼ਾਦ ਹੋਣ ਤੋਂ ਬਾਅਦ ਉਹੀ ਦੇਸ਼ ਦੇ ਵੱਖ-ਵੱਖ ਹੁਕਮਰਾਨ ਕਰ ਰਹੇ ਹਨ | ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਸਿੱਧੇ-ਅਸਿੱਧੇ ਢੰਗ ਨਾਲ ਮਨੁੱਖੀ ਹੱਕਾਂ ਦਾ ਘਾਣ ਕੀਤਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੁਧਿਆਣਾ ਜ਼ਿਲੇ੍ਹ 'ਚ ਪਿਛਲੇ ਲੰਮੇ ਅਰਸੇ ਦੌਰਾਨ ਵਿਛੋੜਾ ਦੇ ਗਏ ਇਨਕਲਾਬੀ ਸਾਥੀਆਂ ਨੂੰ ਸ਼ਰਧਾਂਜਲੀ ਦੇਣ ਲਈ ਇਨਕਲਾਬੀ ਕੇਂਦਰ ਪੰਜਾਬ ਅਤੇ ਪੇਂਡੂ ਮਜਦੂਰ ਯੂਨੀਅਨ ਵਲੋਂ ਕਰਵਾਏ ਗਏ ਯਾਦਗਾਰੀ ਸਮਾਗਮ 'ਚ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਸੂਬਾਈ ਆਗੂ, ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਨਾਮਵਰ ਐਡਵੋਕੇਟ ਅਮਨਦੀਪ ਕੌਰ ਨੇ ਸੰਬੋਧਨ ਕਰਦਿਆਂ ਕੀਤਾ | ਇਸ ਮੌਕੇ 'ਜਮਹੂਰੀ ਹੱਕਾਂ ਦਾ ਸਵਾਲ ਅਤੇ ਲੋਕ' ਵਿਸ਼ੇ 'ਤੇ ਅਪਣੇ ਯਾਦਗਾਰੀ ਲੈਕਚਰ ਦੌਰਾਨ ਉਨਾਂ ਕਿਹਾ ਕਿ ਦੇਸ਼ 'ਚ ਨਵੇਂ ਤਿੰਨ ਫ਼ੌਜਦਾਰੀ ਕਾਨੂੰਨ ਲਿਆ ਕੇ ਜਿੱਥੇ ਜਮਹੂਰੀਅਤ ਦਾ ਗਲਾ ਘੁਟਿਆ ਜਾ ਰਿਹਾ ਹੈ ਉੱਥੇ ਮੋਦੀ ਹਕੂਮਤ ਦੇਸ਼ ਨੂੰ ਫਿਰਕੂ ਲੀਹਾਂ 'ਤੇ ਵੰਡਣ ਲਈ ਧਾਰਮਿਕ ਘੱਟ ਗਿਣਤੀਆਂ ਨੂੰ ਬਲੀ ਦਾ ਬਕਰਾ ਬਣਾ ਰਹੀ ਹੈ | ਨਾਗਰਿਕਤਾ ਸੋਧ ਕਾਨੂੰਨ, ਵਕਫ ਬੋਰਡ ਦਾ ਕਾਨੂੰਨ ਅਤੇ ਤਾਜਾ ਪਹਿਲਗਾਮ ਘਟਨਾ ਦੀ ਆੜ੍ਹ 'ਚ ਖੇਡੀਆਂ ਖੇਡਾਂ ਅਸਲ 'ਚ ਮੁਸਲਮਾਨ ਭਾਈਚਾਰੇ ਪ੍ਰਤੀ ਨਫ਼ਰਤ ਤਿੱਖੀ ਕਰਨਾ ਹੈ | ਉਨ੍ਹਾਂ ਪੰਜਾਬ 'ਚ ਵੀ ਵਿਰੋਧ ਲਹਿਰ ਜਥੇਬੰਦ ਕਰਨ ਦਾ ਸੱਦਾ ਦਿੱਤਾ ਤਾਂ ਕਿ ਮਨੁੱਖੀ ਹੱਕਾਂ ਦਾ ਘਾਣ ਰੋਕਿਆ ਜਾ ਸਕੇ | ਇਸ ਤੋਂ ਪਹਿਲਾਂ ਕਿਸਾਨ ਆਗੂ ਜਗਤਾਰ ਸਿੰਘ ਦੇਹੜਕਾ, ਮਜ਼ਦੂਰ ਆਗੂਆਂ ਕਾਮਰੇਡ ਸੁਰਿੰਦਰ ਅਤੇ ਅਵਤਾਰ ਸਿੰਘ ਰਸੂਲਪੁਰ ਦੀ ਪ੍ਰਧਾਨਗੀ ਹੇਠ ਵਿਛੜੇ ਸਾਥੀਆ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਭਰਵੀ ਇੱਕਤਰਤਾ 'ਚ ਸ਼ਰਧਾਂਜਲੀ ਭੇਟ ਕੀਤੀ ਗਈ | ਜਥੇਬੰਦੀਆਂ ਦੇ ਆਗੂਆਂ ਵਲੋਂ ਸ਼ਹੀਦ ਮਲਕੀਤ ਮੱਲ੍ਹਾ ਸਮੇਤ ਦੋ ਦਰਜਨ ਸਾਥੀਆਂ ਨੂੰ ਫੁੱਲ ਪੱਤੀਆ ਭੇਂਟ ਕੀਤੀਆ ਗਈਆਂ | ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸੱਕਤਰ ਕੰਵਲਜੀਤ ਖੰਨਾ ਨੇ ਵਿਛੜੇ ਸਾਥੀਆਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ | ਇਸ ਸਮੇਂ ਪ੍ਰਧਾਨਗੀ ਮੰਡਲ ਵਲੋਂ ਵਿਛੜੇ ਸਾਥੀਆਂ ਦੇ ਪਰਿਵਾਰਾਂ ਨੂੰ ਗਦਰੀ ਸ਼ਹੀਦ ਹਾਫਿਜ ਅੱਬਦੁੱਲਾ ਜਗਰਾਉਂ ਦੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਮਨਦੀਪ ਕੌਰ ਦਾ ਵੀ ਸਨਮਾਨ ਕੀਤਾ ਗਿਆ | ਇਸ ਸਮੇ ਪੇਸ਼ ਮਤਿਆ ਰਾਹੀਂ ਅਮਰੀਕਨ ਸਾਮਰਾਜ ਤੇ ਜਿਓਨਵਾਦੀ ਇਜਰਾਈਲ ਵਲੋਂ ਗਾਜਾ ਪੱਟੀ 'ਚ ਫਲੀਸਤੀਨੀ ਲੋਕਾਂ ਦਾ ਕਤਲੇਆਮ ਬੰਦ ਕਰਾਉਣ, ਭੁੱਖਮਰੀ ਦਾ ਸ਼ਿਕਾਰ ਫਲੀਸਤੀਨੀ ਲੋਕਾਂ ਨੂੰ ਬਿਨਾਂ ਰੁਕਾਵਟ ਸਹਾਇਤਾ ਸਮੱਗਰੀ ਭਿਜਵਾਉਣ ਤੇ ਨਿੱਹਕੀ ਜੰਗ ਪੱਕੇ ਤੌਰ 'ਤੇ ਬੰਦ ਕਰਨ ਲਈ ਸੰਸਾਰ ਭਰ ਦੇ ਲੋਕਾਂ ਨਾਲ ਰੋਹਲੀ ਅਵਾਜ਼ 'ਚ ਆਵਾਜ਼ ਰਲਾਉਣ ਦਾ ਮਤਾ ਪਾਸ ਕੀਤਾ ਗਿਆ | ਇਸ ਮੌਕੇ ਇਜ਼ਰਾਈਲ ਵਲੋਂ ਇਰਾਨ 'ਤੇ ਫ਼ੌਜੀ ਹਮਲੇ ਦੀ ਪੁਰਜੋਰ ਨਿੰਦਾ ਕੀਤੀ | ਇਸ ਸਮੇਂ ਕਿਸਾਨ ਆਗੂ ਸੁਖਵਿੰਦਰ ਸਿੰਘ ਹੰਬੜਾਂ, ਬਹਾਦਰ ਸਿੰਘ ਲੱਖਾ, ਹਰਦੇਵ ਸਿੰਘ ਅਖਾੜਾ, ਬੇਅੰਤ ਸਿੰਘ ਬਾਣੀਏਵਾਲ, ਕਿਸਾਨ ਔਰਤ ਵਿੰਗ ਆਗੂ ਹਰਜਿੰਦਰ ਕੌਰ ਲੁਧਿਆਣਾ, ਸੁਖਵੰਤ ਕੌਰ ਗਾਲਿਬ, ਮਾਸਟਰ ਹਰਦੇਵ ਮੁੱਲਾਂਪੁਰ, ਪਿ੍ੰਸੀਪਲ ਦਲਜੀਤ ਕੌਰ ਹਠੂਰ, ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ, ਅਵਤਾਰ ਸਿੰਘ ਗਗੜਾ, ਕਸਤੂਰੀ ਲਾਲ, ਸੋਨੀ ਸਿੱਧਵਾਂ, ਜਸਵਿੰਦਰ ਸਿੰਘ ਭੁਮਾਲ ਅਤੇ ਵਿਛੜੇ ਸਾਥੀਆਂ ਦੇ ਡੇਢ ਦਰਜਨ ਪਰਿਵਾਰ ਹਾਜ਼ਰ ਸਨ |