ਨਵਾਂਸ਼ਹਿਰ, 15 ਜੂਨ (ਜਸਬੀਰ ਸਿੰਘ ਨੂਰਪੁਰ)-ਪਾਵਰ ਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਨਵਾਂਸ਼ਹਿਰ ਦੇ ਵਿਧਾਇਕ ਡਾਕਟਰ ਨਛੱਤਰਪਾਲ ਨੂੰ ਵੱਖ-ਵੱਖ ਮੰਗਾਂ ਸਬੰਧੀ ਮੁੱਖ ਮੰਤਰੀ ਦੇ ਨਾਂ 'ਤੇ ਮੰਗ ਪੱਤਰ ਦਿੱਤਾ ਗਿਆ | ਪ੍ਰਧਾਨ ਬਲਿਹਾਰ ਸਿੰਘ ਨੇ ਆਖਿਆ ਕਿ ਮੁੱਖ ਮੰਤਰੀ ਨਾਲ 29 ਮਈ ਨੂੰ ਮੀਟਿੰਗ ਕੀਤੀ ਗਈ ਸੀ ਜਿਸ ਵਿੱਚ ਰੱਖੀਆਂ ਮੰਗਾਂ ਨੂੰ ਅਜੇ ਤੱਕ ਸਰਕਾਰ ਨੇ ਲਾਗੂ ਨਹੀਂ ਕੀਤਾ | ਉਹਨਾਂ ਕਿਹਾ ਕਿ ਪਾਵਰ ਕਾਮ ਆਊਟ ਸੋਰਸ ਕਾਮੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ | ਠੇਕੇਦਾਰ ਕੰਪਨੀਆਂ ਨੂੰ ਬਾਹਰ ਕੱਢ ਕੇ ਸਿੱਧਾ ਵਿਭਾਗ 'ਚ ਸ਼ਾਮਿਲ ਕੀਤਾ ਜਾਵੇ | ਘੱਟੋ-ਘੱਟ ਗੁਜ਼ਾਰੇ ਯੋਗ ਤਨਖ਼ਾਹ 1948 ਐਕਟ ਮੁਤਾਬਿਕ ਲਾਗੂ ਕਰਨ ਸਮੇਤ ਹਾਦਸਾ ਪੀੜਤ ਲਈ ਪੱਕੀ ਨੌਕਰੀ ਪੈਨਸ਼ਨ ਦੀ ਗਰੰਟੀ ਦਿੱਤੀ ਜਾਵੇ | ਉਹਨਾਂ ਆਖਿਆ ਕਿ ਵੱਖ-ਵੱਖ ਮੰਗਾਂ ਨੂੰ ਅਜੇ ਤੱਕ ਸਰਕਾਰ ਨੇ ਲਾਗੂ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਚੋਂ ਨਿੱਜੀਕਰਨ ਦੀ ਨੀਤੀ ਰੱਦ ਕੀਤੀ ਜਾਵੇ ਅਤੇ ਡਿਵੀਜ਼ਨ ਖਰੜ ਤੇ ਲਾਲੜੂ ਦਾ ਕੀਤੇ ਜਾ ਰਹੇ ਨਿੱਜੀਕਰਨ ਰੋਕਿਆ ਜਾਵੇ | ਬਾਹਰਲੇ ਵਸੀਲਿਆਂ ਰਾਹੀਂ ਭਰਤੀ ਬੰਦ ਕਰਕੇ ਕੰਪਨੀਆਂ ਤੇ ਠੇਕੇਦਾਰਾਂ ਨੂੰ ਬਾਹਰ ਕੱਢ ਕੇ ਪੰਜਾਬ ਸਰਕਾਰ ਰਾਹੀਂ ਪ੍ਰਬੰਧ ਚਲਾਇਆ ਜਾਵੇ ਪਾਵਰਕੌਮ ਤੇ ਟਰਾਂਸਪੋਰਟ 'ਚ ਕੰਮ ਕਰਦੇ ਸਮੂਹ ਆਊਟ ਸੋਰਸ ਠੇਕਾ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਰੈਗੂਲਰ ਕੀਤਾ ਜਾਵੇ | ਉਹਨਾਂ ਕਿਹਾ ਕਿ ਪਾਵਰ ਕਾਮ ਅਤੇ ਟਰਾਂਸਪੋਰਟ ਦੇ ਸਮੂਹ ਆਊਟ ਸੋਰਸ ਠੇਕਾ ਮੁਲਾਜ਼ਮਾਂ ਨੂੰ ਸੇਵਾ ਮੁਕਤ ਹੋਣ ਉਪਰੰਤ ਘੱਟੋ-ਘੱਟ 30 ਲੱਖ ਰੁਪਏ ਗੁਜ਼ਾਰਾ ਫ਼ੰਡ ਦਿੱਤਾ ਜਾਵੇ | ਇਸ ਮੌਕੇ 'ਤੇ ਪਰਮਿੰਦਰ ਸਿੰਘ, ਚੌਧਰ ਸਿੰਘ, ਟੇਕ ਚੰਦ, ਸ਼ੇਰ ਸਿੰਘ, ਇੰਦਰਜੀਤ ਸਿੰਘ, ਮਨਿੰਦਰ ਸਿੰਘ ਆਦਿ ਹਾਜ਼ਰ ਸਨ |