ਭੂੰਦੜੀ, 15 ਜੂਨ (ਕੁਲਦੀਪ ਸਿੰਘ ਮਾਨ)-ਅੱਤ ਦੀ ਪੈ ਰਹੀ ਗਰਮੀ ਨੇ ਜਿਥੇ ਮਨੁੱਖੀ ਜੀਵਨ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੋਇਆ ਹੈ, ਉੱਥੇ ਹੀ ਇਸ ਭਿਆਨਕ ਤਪਸ਼ ਨੇ ਪਸ਼ੂ, ਪੰਛੀਆਂ ਦਾ ਜੀਣਾ ਵੀ ਮੁਹਾਲ ਕੀਤਾ ਹੋਇਆ | ਇਹ ਵਿਚਾਰ ਸਮਾਜ ਸੇਵੀ ਵਾਤਾਵਰਨ ਪ੍ਰੇਮੀ ਵੈਦ ਜਸਵੰਤ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਬੇਜ਼ੁਬਾਨ ਪੰਛੀਆਂ ਨੂੰ ਗਰਮੀ ਦੇ ਇਸ ਕਹਿਰ ਤੋਂ ਕੁਝ ਰਾਹਤ ਦਿਵਾਉਣ ਲਈ ਬਹੁਤ ਹੀ ਘੱਟ ਲੋਕ ਉਪਰਾਲੇ ਕਰਦੇ ਹਨ | ਉਨ੍ਹਾਂ ਆਮ ਪਬਲਿਕ ਨੂੰ ਅਪੀਲ ਕਰਦਿਆਂ ਕਿਹਾ ਕਿ ਮਨੁੱਖੀ ਜੀਵਨ 'ਚ ਪੰਛੀ ਵੀ ਅਹਿਮ ਮਹੱਤਵ ਰੱਖਦੇ ਹਨ ਇਸ ਲਈ ਪੰਛੀਆਂ ਨੂੰ ਬਚਾਉਣ ਲਈ ਸਾਨੂੰ ਸਭ ਨੂੰ ਆਪਣੇ ਘਰਾਂ ਦੀਆਂ ਛੱਤਾਂ 'ਤੇ ਪਾਣੀ ਅਤੇ ਅਨਾਜ ਰੱਖਣਾ ਚਾਹੀਦਾ ਹੈ | ਵੈਦ ਜਸਵੰਤ ਸਿੰਘ ਨੇ ਕਿਹਾ ਕਿ ਵਾਤਾਵਰਣ ਦੇ ਦੂਸ਼ਿਤ ਹੋਣ ਕਾਰਨ ਪਹਿਲਾਂ ਹੀ ਪੰਛੀਆਂ ਦੀਆਂ ਅਨੇਕਾਂ ਪ੍ਰਜਾਤੀਆਂ ਅਲੋਪ ਹੋ ਚੁੱਕੀਆਂ ਹਨ | ਇਸ ਲਈ ਰਹਿੰਦੇ ਪੰਛੀਆਂ ਨੂੰ ਬਚਾਉਣ ਲਈ ਉਪਰਾਲੇ ਕਰਨਾ ਸਾਡਾ ਸਭ ਦਾ ਫ਼ਰਜ਼ ਹੀ ਨਹੀਂ, ਸਗੋਂ ਧਰਮ ਵੀ ਹੈ |