ਰੇਲਵੇ ਸਟੇਸ਼ਨ ਦੇ ਪਾਰਸਲ ਵਿਭਾਗ 'ਚ ਅਤਿ-ਆਧੁਨਿਕ ਸਕੈਨਰ ਮਸ਼ੀਨ ਸਥਾਪਤ
ਅਜੀਤ ਡੈਸਕ
16-06-2025
ਅੰਮਿ੍ਤਸਰ, 15 ਜੂਨ (ਗਗਨਦੀਪ ਸ਼ਰਮਾ)-ਗੋਲਡਨ ਟੈਂਪਲ ਐਕਸਪ੍ਰੈੱਸ ਰਾਹੀਂ ਇਕ ਵਿਜੇ ਕੁਮਾਰ ਉਰਫ਼ ਵਿਜੁ ਨਾਮਕ ਏਜੰਟ ਦੁਆਰਾ ਪਾਰਸਲ ਰਾਹੀਂ ਅੰਮਿ੍ਤਸਰ ਤੋਂ ਵੱਡੀ ਤਾਦਾਦ 'ਚ ਗਊ ਮਾਸ ਭੇਜੇ ਜਾਣ ਦੇ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਰੇਲਵੇ ਵਲੋਂ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਇੱਥੇ ਰੇਲਵੇ ਸਟੇਸ਼ਨ ਦੇ ਪਾਰਸਲ ਵਿਭਾਗ 'ਚ ਅਤਿ-ਆਧੁਨਿਕ ਸਕੈਨਰ ਮਸ਼ੀਨ ਸਥਾਪਤ ਕਰ ਦਿੱਤੀ ਗਈ ਹੈ, ਜਿਸ ਨੂੰ ਚਲਾਉਣ ਦੀ ਜ਼ਿੰਮੇਵਾਰੀ ਪਿ੍ੰਸ ਪਾਰਸਲ ਸਰਵਿਸ ਨੂੰ ਸੌਂਪੀ ਗਈ ਹੈ | ਇਸ ਮਸ਼ੀਨ 'ਤੇ ਕੰਪਨੀ ਦਾ ਇਕ ਕਰਮਚਾਰੀ ਤਾਇਨਾਤ ਕੀਤਾ ਗਿਆ ਹੈ ਜੋ ਹਰੇਕ ਸਾਮਾਨ ਦੀ ਜਾਂਚ ਕਰੇਗਾ | ਜੇਕਰ ਪਾਰਸਲ ਵਿਚ ਕੋਈ ਗਲਤ ਚੀਜ਼ ਜਾਂਦੀ ਹੈ, ਤਾਂ ਉਸ ਦੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਸੰਬੰਧਿਤ ਕੰਪਨੀ ਹੀ ਹੋਵੇਗੀ |
ਇਸ ਪ੍ਰਕਾਰ ਹੁਣ ਇਸ ਮਸ਼ੀਨ ਨਾਲ ਜਾਂਚ ਹੋਣ ਉਪਰੰਤ ਹੀ ਪਾਰਸਲ ਬੁਕਿੰਗ ਹੋ ਸਕਣਗੇ ਅਤੇ ਇਹ ਵੀ ਪਤਾ ਲੱਗ ਜਾਵੇਗਾ ਕਿ ਪਾਰਸਲ ਵਿਚ ਕੀ ਸਪਲਾਈ ਕੀਤਾ ਜਾ ਰਿਹਾ ਹੈ | ਪਾਰਸਲ ਵਿਭਾਗ ਦੇ ਇੰਚਾਰਜ ਵਿਵੇਕ ਮਹਾਜਨ ਦਾ ਕਹਿਣਾ ਹੈ ਕਿ ਸਕੈਨਰ ਮਸ਼ੀਨ ਲੱਗਣ ਦੇ ਬਹੁਤ ਫਾਇਦਾ ਹੋਵੇਗਾ | ਜੇਕਰ ਕੋਈ ਪਾਰਸਲ ਭੇਜਣਾ ਹੈ, ਤਾਂ ਇਹ ਸਕੈਨ ਹੋਣ ਤੋਂ ਬਾਅਦ ਹੀ ਇੱਥੋਂ ਰਵਾਨਾ ਹੋਵੇਗਾ, ਜਿਸ ਨਾਲ ਹੁਣ ਕੋਈ ਵੀ ਗਲਤ ਸਾਮਾਨ ਨਹੀਂ ਜਾ ਸਕੇਗਾ |