ਅੰਮਿ੍ਤਸਰ, 15 ਜੂਨ (ਰੇਸ਼ਮ ਸਿੰਘ)-ਭਾਵੇਂ ਕਿ ਰਾਜ 'ਚ ਹਾਲੇ ਤੱਕ ਕੋਵਿਡ ਦੇ ਨਵੇਂ ਵੇਰੀਐਂਟ ਦਾ ਕੋਈ ਖਤਰਾ ਨਹੀਂ ਹੈ ਪਰ ਸਿਹਤ ਵਿਭਾਗ ਵਲੋਂ ਕੋਵਿਡ-19 ਦੀ ਜਨਤਕ ਸਿਹਤ ਸਲਾਹ ਦਿੱਤੀ ਹੈ | ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜ਼ਨ ਡਾ: ਕਿਰਨਦੀਪ ਕੌਰ ਨੇ ਕਿਹਾ ਕਿ ਹਾਲਾਂਕਿ ਦੇਸ਼ ਦੇ ਕੁਝ ਹਿੱਸਿਆਂ 'ਚ ਕੋਵਿਡ ਦੇ ਨਵੇਂ ਮਾਮਲਿਆਂ 'ਚ ਹਲਕਾ ਵਾਧਾ ਨੋਟ ਕੀਤਾ ਗਿਆ ਹੈ ਪਰ ਰਾਜ 'ਚ ਸਥਿਤੀ ਪੂਰੀ ਨਿਯੰਤਰਣ ਹੇਠ ਹੇਠ ਹੈ | ਉਨ੍ਹਾਂ ਕਿਹਾ ਕਿ ਫਿਰ ਵੀ ਸਿਹਤ ਵਿਭਾਗ ਵੀ ਪੂਰੀ ਤਿਆਰੀ ਵਿਚ ਹੈ | ਉਨ੍ਹਾਂ ਕਿਹਾ ਕਿ ਸੰਕਰਮਣ ਦੇ ਫੈਲਾਅ ਨੂੰ ਰੋਕਣ ਲਈ ਮੁੱਢਲੀ ਸੁਰੱਖਿਆ ਲਈ ਸਾਵਧਾਨੀਆਂ ਜਿਵੇਂ ਕਿ ਵਡੇਰੀ ਉਮਰ ਦੇ ਵਿਅਕਤੀ, ਗਰਭਵਤੀ ਔਰਤਾਂ, ਬਿਮਾਰ ਤੇ ਕਮਜ਼ੋਰ ਰੋਗ ਪ੍ਰਤੀਰੋਧ ਸਮਰਥਾ ਵਾਲੇ ਲੋਕ ਭੀੜ ਭਾੜ ਵਾਲੀਆਂ ਥਾਵਾਂ ਜਾਂ ਬੰਦ ਥਾਵਾਂ 'ਤੇ ਮਾਸਕ ਜਰੂਰ ਪਹਿਨਣ | ਸਿਹਤ ਸੇਵਾਵਾਂ ਦੇਣ ਵਾਲੇ ਸਟਾਫ ਨੂੰ ਵੀ ਸਲਾਹ ਹੈ ਕਿ ਉਹ ਮਾਸਕ ਪਹਿਨਣਾ ਅਤੇ ਕੋਵਿਡ ਦੇ ਉਚਿਤ ਵਿਹਾਰ ਦੀ ਪਾਲਣਾ ਕਰਨ | ਇਸੇ ਤਰ੍ਹਾਂ ਕੋਈ ਵੀ ਵਿਅਕਤੀ ਖੰਘਣ ਜਾਂ ਛਿੱਕਣ ਸਮੇਂ ਆਪਣਾ ਮੂੰਹ ਅਤੇ ਨੱਕ ਰੁਮਾਲ ਜਾਂ ਟਿਸ਼ੁੂ ਪੇਪਰ ਨਾਲ ਢੱਕੇ ਅਤੇ ਜੇਕਰ ਦੋਵੇਂ ਵੀ ਕੋਲ ਨਾਂ ਹੋਣ ਤਾਂ ਕੂਹਣੀ ਦੇ ਮੋੜ ਨਾਲ ਮੂੰਹ ਢੱਕੇ | ਜੇਕਰ ਕੋਈ ਖੰਘ, ਬੁਖਾਰ ਜਾਂ ਸਾਹ ਲੈਣ 'ਚ ਤਕਲੀਫ ਨਜ਼ਰ ਆਵੇ ਤਾਂ ਮਾਸਕ ਪਹਿਨੇ ਅਤੇ ਤੁਰੰਤ ਡਾਕਟਰ ਨੂੰ ਵਿਖਾਇਆ ਜਾਵੇ |