ਲੁਧਿਆਣਾ, 16 ਜੂਨ (ਪਰਮਿੰਦਰ ਸਿੰਘ ਆਹੂਜਾ)-ਪ੍ਰਸ਼ਾਸਨ ਨੇ ਚੋਣ ਨਾਲ ਸੰਬੰਧਤ ਸਮੱਗਰੀ ਹਟਾਉਣ ਸੰਬੰਧੀ ਲੋਕਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ, ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਗਏ ਹੁਕਮਾਂ 'ਚ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਜਨਤਕ ਜਾਇਦਾਦਾਂ ਤੋਂ ਰਾਜਨੀਤਿਕ ਪਾਰਟੀਆਂ ਜਾਂ ਉਮੀਦਵਾਰਾਂ ਨਾਲ ਸੰਬੰਧਿਤ ਹੋਰਡਿੰਗ, ਪੋਸਟਰ ਜਾਂ ਕਿਸੇ ਵੀ ਹੋਰ ਪ੍ਰਚਾਰ ਸਮੱਗਰੀ ਨੂੰ ਹਟਾਉਣ ਦੇ ਕੰਮ ਵਿਚ ਦਖਲ ਨਾ ਦੇਣ | ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੇ ਅਧਿਕਾਰ ਖੇਤਰ ਵਿਚ ਜਨਤਕ ਇਮਾਰਤਾਂ ਜਾਂ ਜਨਤਕ ਜਾਇਦਾਦਾਂ 'ਤੇ ਰਾਜਨੀਤਿਕ ਪਾਰਟੀਆਂ ਜਾਂ ਉਮੀਦਵਾਰਾਂ ਦੇ ਕਿਸੇ ਵੀ ਹੋਰਡਿੰਗ, ਪੋਸਟਰ ਜਾਂ ਪ੍ਰਚਾਰ ਸਮੱਗਰੀ ਦੀ ਇਜਾਜ਼ਤ ਨਹੀਂ ਹੈ | ਅਜਿਹੀ ਸਮੱਗਰੀ ਹਟਾਉਣ ਦੌਰਾਨ ਚੋਣ ਟੀਮਾਂ ਵਿਚ ਰੁਕਾਵਟ ਪਾਉਣ ਜਾਂ ਦਖਲਅੰਦਾਜ਼ੀ ਕਰਨ ਵਾਲੇ ਕਿਸੇ ਵੀ ਵਿਅਕਤੀ ਜਾਂ ਸਮੂਹ ਨੂੰ ਕਾਨੂੰਨ ਦੇ ਸਬੰਧਤ ਉਪਬੰਧਾਂ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ | ਪ੍ਰਸ਼ਾਸਨ ਇੱਕ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ | ਸਾਰੇ ਹਿੱਸੇਦਾਰਾਂ ਨੂੰ ਜ਼ਿਮਨੀ ਚੋਣ ਪ੍ਰਕਿਰਿਆ ਦੌਰਾਨ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਲਈ ਚੋਣ ਟੀਮਾਂ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਜਾਂਦੀ ਹੈ |