ਮੁੱਲਾਂਪੁਰ-ਦਾਖਾ, 16 ਜੂਨ (ਨਿਰਮਲ ਸਿੰਘ ਧਾਲੀਵਾਲ)-ਮੁੱਲਾਂਪੁਰ ਨੇੜੇ ਸਥਿਤ ਇਕ ਆਸ਼ਰਮ ਮੁਖੀ ਦੀ ਵੀਡੀਓ 'ਤੇ ਸਮਾਜ ਸੇਵੀ, ਧਾਰਮਿਕ ਜਥੇਬੰਦੀਆਂ ਦੇ ਵੱਧ ਰਹੇ ਦਬਾਅ ਬਾਅਦ ਦਾਖਾ ਪੁਲਿਸ ਵਲੋਂ ਸ਼ੰਕਰਾ ਨੰਦ ਖ਼ਿਲਾਫ਼ ਅਗਿਆਤ (ਬੇ-ਪਛਾਣ) ਪਤੇ ਵਾਲੇ ਹਰਦੀਪ ਸਿੰਘ ਦੀ ਸ਼ਿਕਾਇਤ 'ਤੇ ਜੁਰਮ ਦੀ ਧਾਰਾ 299 ਬੀ.ਐੱਨ.ਐੱਸ 2023 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਜਦ ਕਿ ਵਾਇਰਲ ਵੀਡੀਓ ਵਾਲੀ ਔਰਤ ਦੇ ਨਾਂਅ ਪਤੇ ਦੀ ਕਿਤੇ ਕੋਈ ਪੁਸ਼ਟੀ ਨਹੀਂ ਹੋਈ, ਨਾ ਹੀ ਕੋਈ ਸ਼ਿਕਾਇਤ ਪੁਲਿਸ ਸਾਹਮਣੇ ਪਹੁੰਚੀ | ਹਰਦੀਪ ਸਿੰਘ ਵਲੋਂ ਆਪਣੀ ਸ਼ਿਕਾਇਤ ਵਿਚ ਲਿਖਿਆ ਕਿ ਅਸ਼ਲੀਲ ਵੀਡੀਓ ਨਾਲ ਮੇਰੀ ਅਤੇ ਸੰਗਤ ਦੀ ਧਾਰਮਿਕ ਭਾਵਨਾ ਨੂੰ ਠੇਸ ਪੁੱਜੀ ਹੈ | ਉਪਰੋਕਤ ਮੁਕੱਦਮੇ ਦੀ ਪੁਸ਼ਟੀ ਕਰਦਿਆਂ ਦਾਖਾ ਪੁਲਿਸ ਸਬ ਡਵੀਜਨ ਦੇ ਡੀ.ਐੱਸ.ਪੀ ਨੇ ਦੱਸਿਆ ਕਿ ਮਾਡਲ ਥਾਣਾ ਦਾਖਾ ਪੁਲਿਸ ਵਲੋਂ ਹਰਦੀਪ ਸਿੰਘ ਦੀ ਸ਼ਿਕਾਇਤ 'ਤੇ ਧਾਰਮਿਕ ਭਾਵਾਨਵਾਂ ਭੜਕਾਉਣ ਦੇ ਇਰਾਦੇ ਨਾਲ ਜਾਣ ਬੁੱਝ ਕੇ ਦੁਰਾਚਾਰੀ ਕਾਰਵਾਈਆਂ ਦੀ ਧਾਰਾ ਹੇਠ ਮਾਮਲਾ ਦਰਜ ਕੀਤਾ ਗਿਆ | ਵੀਡੀਓ ਬਾਰੇ ਉਨ੍ਹਾਂ ਸਿਰਫ਼ ਇਹ ਹੀ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ, ਫਿਰ ਵੀ ਜੇਕਰ ਉਕਤ ਔਰਤ ਪੁਲਿਸ ਕੋਲ ਸ਼ਿਕਾਇਤ ਲੈ ਕੇ ਆਵੇ ਤਾਂ ਇਨਸਾਫ਼ ਹੋਵੇਗਾ | ਤਲਵੰਡੀ ਖੁਰਦ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਪ੍ਰਧਾਨ ਗਿਆਨੀ ਜਸਮਿੰਦਰ ਸਿੰਘ ਸਰਾਂ ਨੇ ਅੱਜ ਫਿਰ ਥਾਣਾ ਦਾਖਾ ਅਧਿਕਾਰੀਆਂ ਨੂੰ ਮਿਲੇ ਅਤੇ ਉਕਤ ਮਾਮਲੇ 'ਚ ਆਪਣੀ ਨੰਬਰੀ ਦਰਖ਼ਾਸਤ 'ਤੇ ਕੋਈ ਕਾਰਵਾਈ ਨਾ ਹੋਣ ਕਰਕੇ ਪੁਲਿਸ ਕੋਲ ਇਤਰਾਜ਼ ਜਿਤਾਇਆ | ਨਿਹੰਗ ਸਿੰਘ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ, ਕੁਝ ਹੋਰ ਸੰਪਰਦਾਇ ਦੇ ਆਗੂਆਂ ਦਾ ਇਕ ਵਫ਼ਦ ਅੱਜ ਡੀ.ਐੱਸ.ਪੀ ਕੋਲ ਮੈਮੋਰੰਡਮ ਦੇਣ ਪੁੱਜਾ | ਡੀ.ਐੱਸ.ਪੀ ਵਲੋਂ ਸਿੰਘਾਂ ਦੇ ਉਕਤ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਪਰੋਕਤ ਮਾਮਲੇ 'ਚ ਨਿਆਂ ਜ਼ਰੂਰ ਹੋਵੇਗਾ |