ਮੁੱਲਾਂਪੁਰ-ਦਾਖਾ, 16 ਜੂਨ (ਨਿਰਮਲ ਸਿੰਘ ਧਾਲੀਵਾਲ)-ਗੁਰਦੁਆਰਾ ਸਤਿਗੁਰੂ ਰਵਿਦਾਸ ਜੀ (ਤਪ ਅਸਥਾਨ ਸੰਤ ਬਾਬਾ ਮੱਖਣ ਦਾਸ ਜੀ) ਰਾਏਕੋਟ ਰੋਡ ਮੁੱਲਾਂਪੁਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਦਾ 497ਵਾਂ ਜੋਤੀ ਜੋਤ ਦਿਵਸ ਸ਼ਰਧਾ ਨਾਲ ਮਨਾਇਆ ਗਿਆ | ਪਿਛਲੇ ਕਈ ਰੋਜ਼ ਤੋਂ ਆਰੰਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਭਾਈ ਰਜਿੰਦਰ ਸਿੰਘ ਜੋਧਾਂ ਦੇ ਕੀਰਤਨੀ ਜਥੇ ਵਲੋਂ ਕੀਰਤਨ ਕਰਦਿਆਂ ਸੰਗਤ ਨੂੰ ਗੁਰੂ ਸਾਹਿਬ ਜੀ ਦੇ ਜੀਵਨ, ਇਤਿਹਾਸ ਅਤੇ ਜੋਤੀ ਜੋਤ ਸਮਾਉਣ ਸਬੰਧੀ ਵਿਸਥਾਰਪੂਰਵਕ ਜਾਣੂੰ ਕਰਵਾਇਆ | ਭਾਈ ਟਹਿਲ ਸਿੰਘ ਜਾਂਗਪੁਰ ਵਲੋਂ ਕਥਾ ਦੀ ਵਿਚਾਰ ਸਮੇਂ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਸਾਨੂੰ ਪਖੰਡਵਾਦ ਤੇ ਊਚ-ਨੀਚ ਦੇ ਭੇਦ-ਭਾਵ ਤੋਂ ਦੂਰ ਰਹਿਣ ਦੀ ਸਿੱਖਿਆ ਦੇਣ ਵਾਲੀ ਹੈ | ਗੁਰੂ ਰਵਿਦਾਸ ਜੀ ਹੱਥੀਂ ਕਿਰਤ ਨੂੰ ਹੀ ਰੱਬ ਦੀ ਭਗਤੀ ਮੰਨਦੇ ਸਨ | ਉਨ੍ਹਾਂ ਸੰਗਤ ਨੂੰ ਦੱਸਿਆ ਕਿ ਗੁਰੂ ਰਵਿਦਾਸ ਜੀ ਨੇ ਸਮਾਜ ਵਿਚ ਫੈਲੇ ਜਾਤ-ਪਾਤ ਤੇ ਅੰਧ ਵਿਸ਼ਵਾਸ ਨੂੰ ਤੋੜ ਕੇ ਸਮਾਜ ਸੁਧਾਰਕ ਕੰਮ ਕੀਤਾ | ਜਸਬੀਰ ਸਿੰਘ ਪਮਾਲੀ ਪ੍ਰਧਾਨ ਰਿਜਰਵੇਸ਼ਨ ਚੋਰ ਫੜੋ੍ਹ ਮੋਰਚਾ ਵਲੋਂ ਧਾਰਮਿਕ ਸਮਾਗਮ ਸਮੇਂ ਪਹੁੰਚੀ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰਧਾਨ ਦਰਸ਼ਨ ਸਿੰਘ ਭਨੋਹੜ੍ਹ, ਹਰਦਿਆਲ ਸਿੰਘ ਚੋਪੜਾ ਪ੍ਰਧਾਨ ਡਾ: ਬੀ.ਆਰ. ਅੰਬੇਡਕਰ ਮਿਸ਼ਨ ਵੈੱਲਫੇਅਰ ਸੁਸਾਇਟੀ, ਸਰਦਾਰਾ ਸਿੰਘ, ਰਣਜੀਤ ਸਿੰਘ, ਸੂਬੇਦਾਰ ਜਸਵੰਤ ਸਿੰਘ ਭੱਟੀ, ਡਾ: ਸੁਖਵਿੰਦਰ ਸਿੰਘ, ਪੋਹਲਾ ਸਿੰਘ, ਜਸਵਿੰਦਰ ਸਿੰਘ, ਜਸਵੀਰ ਸਿੰਘ, ਕਰਮ ਸਿੰਘ, ਜਿਲੇ੍ਹਦਾਰ ਬਲਦੇਵ ਸਿੰਘ, ਸੁਖਵਿੰਦਰ ਸਿੰਘ ਮੋਹੀ, ਹਰਵਿੰਦਰ ਸਿੰਘ ਹੈਰੀ, ਰੈਤਿਕ ਮੁੱਲਾਂਪੁਰ, ਸਰਬਜੀਤ ਸਿੰਘ ਗੋਰਾ, ਅਕਾਸਜੋਤ ਸਿੰਘ ਹੋਰ ਸੰਗਤ ਮੌਜੂਦ ਸੀ |