15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਰਾਏਕੋਟ-ਜਗਰਾਉਂ ਰੋਡ ਦੀ ਖਸਤਾ ਹਾਲਤ ਤੋਂ ਵਸਨੀਕ ਤੇ ਰਾਹਗੀਰ ਪ੍ਰੇਸ਼ਾਨ

ਅਜੀਤ ਡੈਸਕ 17-06-2025
ਰਾਏਕੋਟ, 16 ਜੂਨ (ਬਲਵਿੰਦਰ ਸਿੰਘ ਲਿੱਤਰ)-ਸਥਾਨਕ ਜਗਰਾਉਂ ਰੋਡ ਦੀ ਪਿਛਲੇ ਲੰਮੇ ਸਮੇਂ ਤੋਂ ਖਸਤਾ ਹਾਲਤ ਕਾਰਨ ਰਾਹਗੀਰਾਂ ਤੇ ਆਲੇ-ਦੁਆਲੇ ਦੇ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਸਗੋਂ ਸੜਕ ਵਿਚ ਬਣੇ ਹੋਏ ਡੂੰਘੇ ਖੱਡੇ ਰਾਹਗੀਰਾਂ ਦੀ ਜਾਨ ਦਾ ਖੌਫ਼ ਬਣੇ ਹੋਏ ਹਨ | ਇਸ ਮੌਕੇ ਆਲੇ-ਦੁਆਲੇ ਦੇ ਦੁਕਾਨਦਾਰਾਂ ਤੇ ਵਸਨੀਕਾਂ ਨੇ ਰੋਸ ਪ੍ਰਗਟਾਉਂਦਿਆ ਆਖਿਆ ਕਿ ਰਾਏਕੋਟ-ਜਗਰਾਉਂ ਰੋਡ ਪਿਛਲੇ ਕਈ ਸਾਲਾਂ ਤੋਂ ਬਰਨਾਲਾ ਚੌਂਕ ਤੋਂ ਲੈ ਕੇ ਪਟਵਾਰਖਾਨੇ ਤੱਕ ਟੁੱਟਿਆ ਹੋਇਆ ਸੀ ਪ੍ਰੰਤੂ ਸੀਵਰੇਜ ਜਾਮ ਹੋਣ ਕਾਰਨ ਗੰਦਾ ਪਾਣੀ ਸੜਕ 'ਤੇ ਖੜ੍ਹਨ ਕਰਕੇ ਇਸ ਸੜਕ ਦੀ ਹਾਲਤ ਹੋਰ ਮੰਦੜੀ ਹੋ ਗਈ, ਸਗੋਂ ਬਰਸਾਤੀ ਪਾਣੀ ਦੇ ਲੱਗਦੇ ਛੱਪੜ ਨੇ ਸੜਕ ਨੂੰ ਹੋਰ ਬਦ ਤੋਂ ਬਦਤਰ ਬਣਾ ਦਿੱਤਾ, ਜਿਸ ਕਾਰਨ ਸੜਕ ਵਿਚ ਡੂੰਘੇ ਟੋਏ ਬਣ ਗਏ, ਜਿੰਨ੍ਹਾਂ ਵਿਚੋਂ ਲੰਘਣ ਸਮੇਂ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਵਾਰ ਦੋ ਪਹੀਆ ਵਾਹਨ, ਈ-ਰਿਕਸ਼ਾ ਅਤੇ ਹੋਰ ਛੋਟੇ ਵਾਹਨ ਪਲਟ ਜਾਂਦੇ ਹਨ, ਜਦਕਿ ਛੋਟੇ-ਮੋਟੇ ਸੜਕ ਹਾਦਸੇ ਤਾਂ ਅਕਸਰ ਹੀ ਹੁੰਦੇ ਰਹਿੰਦੇ ਹਨ ਅਤੇ ਵਾਹਨਾਂ ਦਾ ਨੁਕਸਾਨ ਹੁੰਦਾ ਹੈ, ਉੱਥੇ ਹੀ ਖੱਡਿਆ ਤੋਂ ਬਚ ਕੇ ਲੰਘਣ ਸਮੇਂ ਕਈ ਵਾਹਨ ਚਾਲਕ ਆਪਸ ਵਿਚ ਝਗੜ ਵੀ ਪੈਂਦੇ ਹਨ ਸਗੋਂ ਆਲੇ-ਦੁਆਲੇ ਦੇ ਵਸਨੀਕਾਂ ਦਾ ਜਿਉਣਾ ਮੁਹਾਲ ਹੋਇਆ ਪਿਆ ਹੈ | ਇਸ ਮੌਕੇ ਦੁਕਾਨਦਾਰਾਂ ਤੇ ਵਸਨੀਕਾਂ ਨੇ ਰੋਹ ਭਰੀ ਅਵਾਜ਼ ਵਿਚ ਆਖਿਆ ਕਿ ਅੱਧਾ ਕਿਲੋਮੀਟਰ ਦੇ ਇਸ ਸੜਕ ਦੇ ਟੋਟੇ ਦੀ ਖਸਤਾ ਹਾਲਤ ਕਾਰਨ ਉਹ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ ਪ੍ਰੰਤੂ ਜਿਸ ਤਰ੍ਹਾਂ ਪੰਜਾਬ ਸਰਕਾਰ, ਪ੍ਰਸ਼ਾਸਨ, ਨਗਰ ਕੌਂਸਲ ਤੇ ਵਿਭਾਗਾਂ ਨੇ ਇਸ ਸੜਕ ਦੀ ਮੁਰੰਮਤ ਨੂੰ ਲੰਮੇ ਸਮੇਂ ਤੋਂ ਅਣਗੌਲਿਆ ਕੀਤਾ ਹੋਇਆ, ਉਸ ਤੋਂ ਇੰਝ ਜਾਪਦਾ ਹੈ ਕਿ ਉਹ ਪੰਜਾਬ ਦੇ ਵਸਨੀਕ ਹੀ ਨਹੀਂ ਹਨ | ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਗੁਹਾਰ ਲਗਾਈ ਕਿ ਇਸ ਸੜਕ ਦੀ ਜਲਦ ਮੁਰੰਮਤ ਕਰਵਾ ਕੇ ਉਨ੍ਹਾਂ ਨੂੰ ਮੁਸ਼ਕਿਲ਼ਾਂ ਤੋਂ ਨਿਜਾਤ ਦਿਵਾਈ ਜਾਵੇ ਅਤੇ ਰਾਹਗੀਰਾਂ ਤੇ ਵਸਨੀਕਾਂ ਦੇ ਜਾਨੀ-ਮਾਲੀ ਨੁਕਸਾਨ ਨੂੰ ਰੋਕਿਆ ਜਾਵੇ | ਇਸ ਮੌਕੇ ਜਥੇਦਾਰ ਨਿਰਮਲ ਸਿੰਘ ਖ਼ਾਲਸਾ, ਡਾ: ਤਲਵਿੰਦਰ ਸਿੰਘ ਗਰੇਵਾਲ, ਵਿੱਕੀ, ਕਾਕਾ ਸਿੰਘ ਆਦਿ ਵਸਨੀਕਾਂ ਸਮੇਤ ਰਾਹਗੀਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੇ ਜੋਤੀ-ਜੋਤਿ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਜਗਰਾਉਂ ਵਿਖੇ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।