ਮੁੱਲਾਂਪੁਰ-ਦਾਖਾ, 17 ਜੂਨ (ਨਿਰਮਲ ਸਿੰਘ ਧਾਲੀਵਾਲ)-ਮੌਨਸੂਨ ਦੀ ਪਹਿਲੀ ਬਰਸਾਤ ਦਾ ਪਾਣੀ ਸਥਾਨਿਕ ਸ਼ਹਿਰ 'ਚ ਇਕ ਵਿਅਕਤੀ ਲਈ ਜਾਨਲੇਵਾ ਬਣਿਆ | ਜਾਣਕਾਰੀ ਅਨੁਸਾਰ ਪਿੰਡ ਪਮਾਲ ਦਾ ਬਲਵਿੰਦਰ ਸਿੰਘ ਬਾਵਾ ਪੁੱਤਰ ਚੰਨਣ ਸਿੰਘ ਆਪਣੇ ਕਿਸੇ ਨਿੱਜੀ ਕੰਮ ਲਈ ਸਿਨੇਮਾ ਰੋਡ ਪਟਵਾਰ ਸਰਕਲ ਸਾਹਮਣੇ ਆ ਰਿਹਾ ਸੀ, ਸੜਕ ਬਰਸਾਤ ਦੇ ਪਾਣੀ ਨਾਲ ਨੱਕੋ-ਨੱਕ ਭਰੀ ਹੋਣ ਕਰਕੇ ਇਕ ਸਾਈਡ 'ਤੇ ਚੱਲਦਿਆਂ ਬਲਵਿੰਦਰ ਸਿੰਘ ਦਾ ਹੱਥ ਖੋਖੇ ਅੱਗੇ ਸ਼ੈੱਡ ਦੇ ਪਾਈਪ ਨੂੰ ਜਦ ਲੱਗਾ ਤਾਂ ਉਸ ਪਾਈਪ ਵਿਚ ਬਿਜਲੀ ਦਾ ਕਰੰਟ ਸੀ | ਕਰੰਟ ਦੇ ਝਟਕੇ ਨਾਲ ਡਿੱਗਦਿਆਂ ਹੀ ਉਕਤ ਵਿਅਕਤੀ ਦਮ ਤੋੜ ਗਿਆ | ਨੇੜਲੇ ਵਿਅਕਤੀਆਂ ਬਲਵਿੰਦਰ ਸਿੰਘ ਨੂੰ ਸਥਾਨਿਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਵਲੋਂ ਉਕਤ ਵਿਅਕਤੀ ਨੂੰ ਮਿ੍ਤਕ ਐਲਾਨ ਦਿੱਤਾ ਗਿਆ | ਜਾਣਕਾਰੀ ਅਨੁਸਾਰ ਮਿ੍ਤਕ ਬਲਵਿੰਦਰ ਸਿੰਘ ਪਮਾਲ ਦੀਆਂ ਦੋ ਧੀਆਂ ਵਿਦੇਸ਼ ਵਿਚ ਹੋਣ ਕਰਕੇ ਉਨ੍ਹਾਂ ਦੇ ਵਿਦੇਸ਼ ਤੋਂ ਵਾਪਿਸ ਆਉਣ ਬਾਅਦ ਪਿੰਡ ਪਮਾਲ ਸ਼ਮਸ਼ਾਨਘਾਟ ਵਿਖੇ ਸਸਕਾਰ ਹੋਵੇਗਾ |