ਮੁੱਲਾਂਪੁਰ-ਦਾਖਾ, 17 ਜੂਨ (ਨਿਰਮਲ ਸਿੰਘ ਧਾਲੀਵਾਲ)-ਅੱਡਾ ਦਾਖਾ ਮੰਡੀ ਮੁੱਲਾਂਪੁਰ ਮਨੁੱਖਤਾ ਦੇ ਮੁਫ਼ਤ ਡਾਕਟਰੀ ਇਲਾਜ, ਮੁਫ਼ਤ ਕਿੱਤਾ ਮੁਖੀ ਕੋਰਸਾਂ ਦੇ ਨਾਲ ਮੁਫ਼ਤ ਪ੍ਰਾਇਮਰੀ ਸਿੱਖਿਆ ਵਾਲੇ ਗੁਰਮਤਿ ਭਵਨ, ਨੇੜਲੇ ਕੁਝ ਬੈਨਕੁਇਟ ਹਾਲ ਅਤੇ ਸੰਘਣੀ ਆਬਾਦੀ ਘਰਾਂ ਨੂੰ ਜਾਣ ਵਾਲੀ ਗੁਰਮਤਿ ਭਵਨ ਰੋਡ ਨੂੰ ਮੁੱਲਾਂਪੁਰ ਦਾਖਾ ਨਗਰ ਕੌਂਸਲ ਵਲੋਂ ਪਿਛਲੇ ਸਮੇਂ ਤੋਂ ਕੂੜੇ ਦਾ ਡੰਪ ਬਣਾਇਆ ਹੋਇਆ ਹੈ, ਜਿਸ ਕਰਕੇ ਆਮ ਲੋਕਾਂ ਨੂੰ ਗੁਰਮਤਿ ਭਵਨ ਜਾਂ ਬੈਨਕੁਇਟ ਹਾਲ ਘੁੰਮ-ਘੁਮਾ ਕੇ ਜਾਣਾ ਪੈਂਦਾ | ਗੰਦਗੀ ਦੇ ਢੇਰ ਨਾਲ ਬੰਦ ਹੋਈ ਸੜਕ ਬਾਰੇ ਗੁਰਮਤਿ ਭਵਨ ਦੇ ਪ੍ਰਬੰਧਕ ਡਾ: ਅਮਰਪ੍ਰੀਤ ਸਿੰਘ ਦਿਓਲ, ਰੁਪਿੰਦਰ ਸਿੰਘ ਸੇਖੋਂ, ਮਨੀਸ਼ ਜੈਨ ਅਤੇ ਕਈ ਬੈਨਕੁਇਟ ਹਾਲ ਮਾਲਕਾਂ ਦੇ ਨਾਲ ਨੇੜਲੇ ਘਰਾਂ ਦੀ ਆਬਾਦੀ ਵਾਲੀਆਂ ਮਹਿਲਾਵਾਂ ਨੇ ਕਿਹਾ ਕਿ ਏਨੇ ਗੰਦੇ ਸ਼ਹਿਰ ਨੂੰ ਸਰਕਾਰਾਂ ਵਲੋਂ ਸੋਹਣਾ ਸ਼ਹਿਰ ਸਵੱਛਤਾ ਸਰਟੀਫਿਕੇਟ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਲਈ ਵੀ ਹਾਸੋ-ਹੀਣਾ ਹੈ, ਕਿਉਂਕਿ ਕੂੜੇ ਕਰਕਟ ਨਾਲ ਸੜਕਾਂ 'ਤੇ ਡੰਪ ਬਣਾਈ ਬੈਠੀ ਨਗਰ ਕੌਂਸਲ ਨੂੰ ਸਵੱਛਤਾ ਦਾ ਸਰਟੀਫਿਕੇਟ ਕਿਵੇਂ ਪ੍ਰਾਪਤ ਹੋਇਆ, ਇਹ ਵੀ ਬੁਝਾਰਤ ਹੈ | ਉਪਰੋਕਤ ਲੋਕਾਂ ਨੇ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਕਾਂਗਰਸ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਕੈਪਟਨ ਸੰਦੀਪ ਸੰਧੂ, ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਡਾ: ਕੇ.ਐੱਨ.ਐੱਸ ਕੰਗ, ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਹੈਪੀ ਦੇ ਨਾਲ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਸਵਾਲ ਕੀਤਾ ਕਿ ਸ਼ਹਿਰ ਦਾ ਕਿਉਂ ਜਲੂਸ ਕੱਢਿਆ ਜਾ ਰਿਹਾ | ਅਬਾਦੀ ਵਾਲੀ ਸੜਕ 'ਚੋਂ ਕੂੜੇ ਦਾ ਢੇਰ ਤੁਰੰਤ ਉਠਾਇਆ ਜਾਵੇ | ਜ਼ਿਕਰਯੋਗ ਹੈ ਕਿ ਗ੍ਰਾਂਟਾ ਮੁਹੱਈਆ ਕਰਵਾਉਣ ਲਈ ਕੇਂਦਰ 'ਚ ਭਾਜਪਾ ਦੀ ਸਰਕਾਰ, ਪੰਜਾਬ ਦੀ ਸੱਤ੍ਹਾ 'ਤੇ ਕਾਬਜ਼ ਆਮ ਆਦਮੀ ਪਾਰਟੀ ਅਤੇ ਨਗਰ ਕੌਂਸਲ 'ਤੇ ਕਾਂਗਰਸ ਪਾਰਟੀ ਦਾ ਕਬਜ਼ਾ ਹੋਣ ਨਾਲ ਤਾਲਮੇਲ ਤਿੰਨਾਂ ਵਿਚ ਹੀ ਨਹੀਂ ਬੈਠਦਾ, ਜਿਸ ਦਾ ਖਮਿਆਜ਼ਾ ਸ਼ਹਿਰੀ ਲੋਕ ਭੁਗਤ ਰਹੇ ਹਨ |