11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਮੌਨਸੂਨ ਦੇ ਪਹਿਲੇ ਮੀਂਹ ਨਾਲ ਤਾਪਮਾਨ 'ਚ ਗਿਰਾਵਟ, ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ! <br/>

ਅਜੀਤ ਡੈਸਕ 18-06-2025
ਮੁੱਲਾਂਪੁਰ-ਦਾਖਾ, 17 ਜੂਨ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਮੇਤ ਉੱਤਰੀ ਭਾਰਤ 'ਚ ਬੇਤਹਾਸ਼ਾ ਗਰਮੀ ਨਾਲ ਬੇਹਾਲ ਲੋਕਾਂ ਨੂੰ ਪਿਛਲੇ 24 ਘੰਟਿਆਂ ਦੇ ਮੀਂਹ ਨੇ ਚੰਗੀ ਰਾਹਤ ਦਿੱਤੀ | ਪਿਛਲੇ ਕਈ ਦਿਨਾਂ ਤੋਂ ਤੇਜ਼ ਹਵਾਵਾਂ ਚੱਲਣ ਅਤੇ ਬੱਦਲਵਾਈ ਬਾਅਦ ਬੀਤੀ ਰਾਤ ਤੋਂ ਕਿਤੇ ਤੇਜ਼, ਕਿਤੇ ਰੁਕ-ਰੁਕ ਕੇ ਮੀਂਹ ਨਿਰੰਤਰ ਜਾਰੀ ਹੈ | ਪਿਛਲੇ ਹਫ਼ਤੇ 44 ਡਿਗਰੀ ਪਾਰਾ ਮੀਂਹ ਬਾਅਦ ਇਕਦਮ 36.5 ਸੈਲਸੀਅਸ 'ਤੇ ਆ ਡਿੱਗਿਆ | ਮੀਂਹ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਉਥੇ ਤਾਪਮਾਨ ਪਿਛਲੇ ਹਫ਼ਤੇ ਨਾਲੋਂ ਇਕ ਦਮ 11 ਡਿਗਰੀ ਹੇਠਾਂ ਡਿੱਗ ਪੈਣ ਨਾਲ ਸਾਉਣੀ ਫ਼ਸਲ ਝੋਨੇ ਦੀ ਲਵਾਈ ਜ਼ੋਰ ਫੜ੍ਹ ਗਈ | ਬੀਤੀ ਰਾਤ ਦਾ ਮੀਂਹ ਜਿਥੇ ਪਸ਼ੂ-ਪੰਛੀਆਂ ਦੇ ਨਾਲ ਮਨੁੱਖੀ ਜ਼ਿੰਦਗੀ ਨੂੰ ਰਾਹਤ ਦੇਣ ਵਾਲਾ ਹੈ, ਉਥੇ ਸਥਾਨਿਕ ਸ਼ਹਿਰ 'ਚ ਬਰਸਾਤੀ ਨਾਲਿਆਂ ਦੀ ਸਫ਼ਾਈ ਨਾ ਹੋਣ ਕਰਕੇ ਮੌਨਸੂਨ ਦੇ ਪਹਿਲੇ ਮੀਂਹ ਨੇ ਹੀ ਸ਼ਹਿਰ ਨੂੰ ਜਲ-ਥਲ ਕਰ ਦਿੱਤਾ | ਮੀਂਹ ਨਾਲ ਹਾੜੂ ਸਬਜ਼ੀਆਂ, ਹਰਾ ਚਾਰਾ ਕਾਸ਼ਤਕਾਰਾਂ ਨੂੰ ਰਾਹਤ ਮਿਲੀ, ਉਥੇ ਖੇਤਾਂ 'ਚ ਫ਼ਸਲ ਮੂੰਗੀ ਦੀ ਚੱਲ ਰਹੀ ਕਟਾਈ ਦਾ ਕੰਮ ਇਕਦਮ ਰੁਕ ਗਿਆ |
ਦਾਣਾ ਮੰਡੀਆਂ 'ਚ ਹਾਹਾਕਾਰ-ਕਈ ਦਿਨਾਂ ਦੀ ਬੱਦਲਵਾਹੀ ਬਾਅਦ ਰਾਤ ਤੋਂ ਪੈ ਰਹੇ ਮੀਂਹ ਨਾਲ ਦਾਣਾ ਮੰਡੀਆਂ 'ਚ ਮੱਕੀ ਦੀ ਫ਼ਸਲ ਵਿਕਰੀ ਦੀ ਉਡੀਕ 'ਚ ਬੈਠੇ ਕਿਸਾਨਾਂ ਦੇ ਨਾਲ ਮਜ਼ਦੂਰਾਂ 'ਚ ਮੱਕੀ ਢੇਰ ਭਿੱਜ ਜਾਣ ਨਾਲ ਹਾਹਾਕਾਰ ਮੱਚ ਗਈ | ਪਿਛਲੇ ਦੋ ਦਿਨਾਂ ਤੋਂ ਦਾਣਾ ਮੰਡੀਆਂ 'ਚ ਮੱਕੀ ਦਾ ਅਥਾਹ ਭੰਡਾਰ ਜਮ੍ਹਾਂ ਹੋਇਆ ਪਿਆ |
ਸਿੱਧਵਾਂ ਬੇਟ-ਹੰਬੜਾਂ ਸੜਕ 'ਤੇ ਖੜ੍ਹ ਰਹੇ ਪਾਣੀ ਦੀ ਵੀ ਸਾਰ ਲਵੇ ਸਰਕਾਰ
ਸਿੱਧਵਾਂ ਬੇਟ, (ਜਸਵੰਤ ਸਿੰਘ ਸਲੇਮਪੁਰੀ)-ਪਿਛਲੇ ਲੰਬੇ ਸਮੇਂ ਤੋਂ ਵਾਰ-ਵਾਰ ਅਖ਼ਬਾਰਾਂ ਦੀ ਸੁਰਖੀਆਂ ਬਣ ਰਹੀ ਸਿੱਧਵਾਂ ਬੇਟ-ਹੰਬੜਾਂ ਰੋਡ ਭਾਵੇਂ ਲੁਧਿਆਣਾ ਤੱਕ ਥਾਂ-ਥਾਂ ਤੋਂ ਡੂੰਘੇ ਟੋਇਆਂ ਨਾਲ ਵਿੰਨ੍ਹੀ ਪਈ ਵਿਖਾਈ ਦੇ ਰਹੀ ਹੈ, ਪਰ ਸਥਾਨਕ ਕਸਬੇ ਤੋਂ ਸਿਰਫ਼ ਇਕ ਮੀਲ ਦੂਰ ਹੀ ਇਸ ਸੜਕ ਦੀ ਮਾੜੀ ਹਾਲਤ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਇੱਥੋਂ ਲੰਘਣ ਵਾਲਾ ਹਰ ਰਾਹੀ ਬਦਲਾਅ ਵਾਲੀ ਮਾਨ ਸਰਕਾਰ ਨੂੰ ਫਿਟਕਾਰਾਂ ਪਾਉਂਦਾ ਅੱਗੇ ਲੰਘ ਜਾਂਦਾ ਹੈ | ਹੈਰਾਨੀ ਦੀ ਗੱਲ ਹੈ ਕਿ ਹਾਕਮ ਧਿਰ ਦਾ ਕੋਈ ਵੀ ਵਿਅਕਤੀ ਅਜੇ ਤੱਕ ਇਸ ਸੜਕ ਦੀ ਦੁਰਦਸ਼ਾ ਨੂੰ ਨਾ ਤਾਂ ਸਰਕਾਰੇ ਦਰਬਾਰੇ ਬਿਆਨ ਕਰ ਸਕਿਆ ਹੈ ਅਤੇ ਨਾ ਹੀ ਉਸ ਨੇ ਮੌਕੇ 'ਤੇ ਪੁੱਜ ਕੇ ਸੜਕ ਤੋਂ ਲੰਘਣ ਵਾਲੇ ਰਾਹੀਗਰਾਂ ਦਾ ਦੁੱਖ ਤਕਲੀਫ ਸੁਣਨ ਦਾ ਯਤਨ ਕੀਤਾ ਹੈ | ਦੂਜੇ ਪਾਸੇ ਇਸ ਸੜਕ ਦੀ ਦਿਨ-ਬ-ਦਿਨ ਹੋ ਰਹੀ ਮਾੜੀ ਹਾਲਤ ਦਾ ਮੁੱਖ ਕਾਰਨ ਪਿੰਡ ਸਲੇਮਪੁਰਾ ਦੇ ਮੀਂਹ ਦਾ ਪਾਣੀ, ਖਰਾਬ ਸੜਕ ਕੋਲੋਂ ਖੇਤਾਂ ਨੂੰ ਜਾਂਦੇ ਰਸਤੇ ਨੂੰ ਉੱਚਾ ਕਰ ਦੇਣਾ ਅਤੇ ਸੜਕ ਕਿਨਾਰੇ ਇਕ ਖੇਤ ਦੇ ਕੰਢੇ 'ਤੇ ਮਿੱਟੀ ਦਾ ਬੰਨ ਬਣਾ ਦੇਣਾ ਹੀ ਮੰਨਿਆ ਜਾ ਰਿਹਾ ਹੈ | ਜਿਸ ਨਾਲ ਪਾਣੀ ਦੀ ਕਿਸੇ ਵੀ ਪਾਸੇ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ | ਅੱਜ ਸਵੇਰ ਸਮੇਂ ਹੋਈ ਭਾਰੀ ਬਰਸਾਤ ਨੇ ਤਾਂ ਇਸ ਕਰੀਬ ਅੱਧਾ ਮੀਲ ਟੋਟੇ 'ਤੇ ਪਾਣੀ ਦਾ ਤਲਾਬ ਬਣਾ ਕੇ ਰੱਖ ਦਿੱਤਾ | ਦੋ ਪਹੀਆ ਵਾਹਨ ਚਾਲਕ ਬੜੀ ਮੁਸ਼ਕਿਲ ਨਾਲ ਲੰਘ ਰਹੇ ਸਨ | ਔਰਤਾਂ ਨੂੰ ਆਪਣੇ ਵਾਹਨ ਲੰਘਾਉਣ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਇਸ ਸੰਬੰਧੀ ਜਦੋਂ ਸੰਬੰਧਿਤ ਜੇ.ਈ. ਵਾਸੂ ਮੰਗਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਲੁਧਿਆਣਾ ਤੱਕ ਟੁੱਟੀ ਇਸ ਸੜਕ ਸੰਬੰਧੀ ਪਹਿਲਾਂ ਹੀ ਉੱਚ-ਅਧਿਕਾਰੀਆਂ ਨੂੰ ਲਿਖਿਆ ਗਿਆ ਹੈ, ਪਰ ਉਨ੍ਹਾਂ ਇਸ ਅੱਧਾ ਕਿਲੋਮੀਟਰ ਸੜਕ ਦੇ ਟੋਟੇ ਦਾ ਜਲਦੀ ਹੱਲ ਕਰਨ ਦੀ ਵੀ ਗੱਲ ਕਹੀ |

ਪਿਛਲੀ ਖ਼ਬਰ ਗੁਰਮਤਿ ਭਵਨ ਜਾਣ ਵਾਲੀ ਸੜਕ ਬਣੀ ਕੂੜੇ ਦਾ ਡੰਪ, ਨਗਰ ਕੌਂਸਲ ਅਧਿਕਾਰੀ ਖ਼ਾਮੋਸ਼! <br/> ਅਗਲੀ ਖ਼ਬਰ ਪਿੰਡ ਸੋਹੀਆ ਵਿਖੇ ਦੋ ਪ੍ਰਵਾਸੀ ਮਜ਼ਦੂਰਾਂ ਨੂੰ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਲੁੱਟਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।